ਨਵੀਂ ਦਿੱਲੀ: ਭਾਰਤ-ਚੀਨ ਸੀਮਾ ’ਤੇ ਹਲਚਲ ਦੁਬਾਰਾ ਵਧ ਗਈ ਹੈ। ਅਰੁਣਾਚਲ ਪ੍ਰਦੇਸ਼ ਦੇ ਅਸਾਫਿਲਾ ਇਲਾਕੇ ਵਿੱਚ ਚੀਨੀ ਫ਼ੌਜ ਨੇ ਉੱਤਰੀ ਪੈਂਗੋਂਗ ਇਲਾਕੇ ਵਿੱਚ ਘੁਸਪੈਠ ਕੀਤੀ ਹੈ। ਇਸ ਸਬੰਧੀ ਤਿੱਬਤੀ ਸੀਮਾ ਪੁਲਿਸ ਬਲ (ਆਈ.ਟੀ.ਬੀ.ਪੀ.) ਨੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਭੇਜੀ ਹੈ।

 

ਆਈ.ਟੀ.ਬੀ.ਪੀ. ਮੁਤਾਬਕ ਚੀਨੀ ਫ਼ੌਜ ਨੇ ਉੱਤਰੀ ਪੈਂਗੋਂਗ ਝੀਲ ਨੇੜੇ ਗੱਡੀਆਂ ਰਾਹੀਂ 28 ਫਰਵਰੀ, 7 ਮਾਰਚ ਤੇ 12 ਮਾਰਚ 2018 ਨੂੰ ਘੁਸਪੈਠ ਕੀਤੀ। ਪੈਂਗੋਂਗ ਝੀਲ ਕੋਲ ਚੀਨੀ ਫੌਜ ਨੇ 3 ਥਾਈਂ ਘੁਸਪੈਠ ਕੀਤੀ ਤੇ ਭਾਰਤੀ ਸਰਹੱਦ ਤੋਂ ਲਗਪਗ 6 ਕਿਲੋਮੀਟਰ ਤਕ ਦਖ਼ਲ ਦਿੱਤਾ ਪਰ ਭਾਰਤੀ ਜਵਾਨਾਂ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਚੀਨੀ ਜਵਾਨ ਵਾਪਿਸ ਮੁੜ ਗਏ।

ਇਹ ਰਿਪੋਰਟ ਇਸ ਸਮੇਂ ਆਈ ਹੈ ਜਦੋਂ ਚੀਨੀ ਫ਼ੌਜ ਨੇ ਪਿਛਲੇ ਮਹੀਨੇ ਵਿਵਾਦਿਤ ਸਰਹੱਦ ਨਾਲ ਜੁੜੇ ਅਰੁਣਾਚਲ ਪ੍ਰਦੇਸ਼ ਦੇ ਅਸਾਫਿਲਾ ਇਲਾਕੇ ’ਚ ਭਾਰਤੀ ਫੌਜ ਦਾ ਸਖ਼ਤ ਵਿਰੋਧ ਕੀਤਾ ਹੈ ਪਰ ਭਾਰਤ ਨੇ ਇਸ ਸ਼ਿਕਾਇਤ ਨੂੰ ਖਾਰਜ ਕਰਦਿਆਂ ਕਿਹਾ ਕਿ ਅਰੁਣਾਂਚਲ ਪ੍ਰਦੇਸ਼ ਦੇ ਉੱਪਰੀ ਸੁਬਨਸਿਰੀ ਖੇਤਰ ਦਾ ਇਲਾਕਾ ਭਾਰਤ ਦਾ ਹੈ ਤੇ ਭਾਰਤ ਵੱਲੋਂ ਉੱਥੇ ਨਿਯਮਿਤ ਤੌਰ ’ਤੇ ਗਸ਼ਤ ਕੀਤੀ ਜਾਂਦੀ ਹੈ।

ਪਿਛਲੇ ਸਾਲ ਹੀ ਸਿੱਕਿਮ ਸੈਕਟਰ ਦੇ ਡੋਕਲਾਮ ਵਿੱਚ ਚੀਨੀ ਫ਼ੌਜ ਵੱਲੋਂ ਸੜਕ ਬਣਾਉਣ ’ਤੇ ਭਾਰਤ ਦੇ ਇਤਰਾਜ ਜਤਾਉਣ ਪਿੱਛੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ 73 ਦਿਨਾਂ ਤਕ ਵਿਵਾਦ ਚੱਲਿਆ ਸੀ ਜੋ ਚੀਨ ਦੀ ਬਿਆਨਬਾਜ਼ੀ ਭਾਰਤ ਦੀਆਂ ਸ਼ਾਂਤੀਪੂਰਨ ਕੋਸ਼ਿਸ਼ਾਂ ਪਿੱਛੋਂ ਮੱਠਾ ਪੈ ਗਿਆ ਸੀ।