ਰਾਹੁਲ ਦੇ ਧਰਨੇ 'ਚੋਂ ਕੱਢੇ ਗਏ '84 ਦੰਗਿਆਂ 'ਚ ਘਿਰੇ ਕਾਂਗਰਸੀ
ਏਬੀਪੀ ਸਾਂਝਾ | 09 Apr 2018 01:04 PM (IST)
ਨਵੀਂ ਦਿੱਲੀ: ਦਲਿਤਾਂ ਦੇ ਹੱਕ ਵਿੱਚ ਉਪਵਾਸ ਦਿਵਸ ਦੇ ਨਾਂਅ ਹੇਠ ਕੀਤੀ ਜਾਣ ਵਾਲੀ ਭੁੱਖ ਹੜਤਾਲ ਦੇ ਰਾਜਘਾਟ ਵਾਲੇ ਮੰਚ 'ਤੇ ਕਾਂਗਰਸ ਨੇ ਵਿਵਾਦ ਖੱਟ ਲਿਆ ਹੈ। ਕਾਂਗਰਸ ਨੇ ਸਿੱਖ ਦੰਗਿਆਂ ਵਿੱਚ ਮੁਲਜ਼ਮ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਰਾਜਘਾਟ 'ਤੇ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਲਈ ਭੇਜ ਦਿੱਤਾ। ਮਾਮਲਾ ਮੀਡੀਆ ਵਿੱਚ ਚੁੱਕੇ ਜਾਣ 'ਤੇ ਕਾਂਗਰਸ ਫੌਰਨ ਹਰਕਤ ਵਿੱਚ ਆ ਗਈ ਤੇ ਦੋਵਾਂ ਆਗੂਆਂ ਨੂੰ ਉੱਥੋਂ ਵਾਪਸ ਬੁਲਾ ਲਿਆ। ਆਪਣੇ ਹੀ ਸਮਾਗਮ ਵਿੱਚ ਰਾਹੁਲ ਗਾਂਧੀ ਨੇ ਖ਼ੁਦ ਆਉਣ ਦੀ ਬਜਾਇ ਇਨ੍ਹਾਂ ਲੀਡਰਾਂ ਨੂੰ ਭੇਜ ਕੇ ਨਵਾਂ ਵਿਵਾਦ ਖੱਟ ਲਿਆ ਹੈ। ਕੁਝ ਸਮੇਂ 'ਉਪਵਾਸ' 'ਤੇ ਬੈਠ ਕੇ ਰਾਹੁਲ ਗਾਂਧੀ ਨੇ ਰਾਜਘਾਟ ਤੋਂ ਚਲੇ ਜਾਣਾ ਸੀ, ਪਰ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੀ ਆਮਦ ਨੇ ਹੁਣ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਲੰਘੀ ਦੋ ਅਪ੍ਰੈਲ ਨੂੰ ਦਲਿਤਾਂ ਨੇ ਸੁਪਰੀਮ ਕੋਰਟ ਦੇ ਐਸ.ਸੀ.-ਐਸ.ਟੀ. ਐਕਟ ਵਿੱਚ ਕੀਤੀ ਸੋਧ ਦੇ ਫ਼ੈਸਲੇ ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਵੱਡੇ ਪੱਧਰ ਤੇ ਹਿੰਸਾ ਹੋਈ ਸੀ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਦੀ ਕਾਫੀ ਨੁਕਤਾਚੀਨੀ ਵੀ ਹੋਈ ਸੀ। ਕਾਂਗਰਸ ਨੇ ਇਲਜ਼ਾਮ ਲਾਇਆ ਹੈ ਕਿ ਭਾਜਪਾ ਦੇ ਰਾਜ ਵਿੱਚ ਦਲਿਤ ਸੁਰੱਖਿਅਤ ਨਹੀਂ ਹਨ। ਸਰਕਾਰ ਵਿਰੁੱਧ ਆਪਣਾ ਰੋਸ ਜਤਾਉਣ ਲਈ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਭੁੱਖ ਹੜਤਾਲ ਦਾ ਸੱਦਾ ਦਿੱਤਾ ਸੀ, ਜਿਸ ਨੂੰ ਪੂਰੇ ਦੇਸ਼ ਦੇ ਕਾਂਗਰਸ ਦਫ਼ਤਰਾਂ ਵਿੱਚ ਕੀਤਾ ਜਾ ਰਿਹਾ ਹੈ।