ਨਵੀਂ ਦਿੱਲੀ: ਰਿਸ਼ਵਤਖੋਰੀ ਵਿਵਾਦ ਵਿੱਚ ਸੀਬੀਆਈ ਮੁਖੀ ਆਲੋਕ ਵਰਮਾ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਜਵਾਬ ਦੇ ਲੀਕ ਹੋ ਜਾਣ 'ਤੇ ਅਦਾਲਤ ਨੇ ਕਾਫੀ ਨਾਰਾਜ਼ਗੀ ਜਤਾਈ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਵੀ ਸੁਣਵਾਈ ਦੇ ਲਾਇਕ ਹੈ। ਦਰਅਸਲ, ਸੀਬੀਆਈ ਚੀਫ਼ ਨੇ ਸੀਵੀਸੀ ਦੀ ਜਾਂਚ ਰਿਪੋਰਟ ਵਿੱਚ 'ਤੇ ਸੋਮਵਾਰ ਨੂੰ ਆਪਣਾ ਜਵਾਬ ਦਾਖ਼ਲ ਕੀਤਾ ਸੀ। ਸੀਲਬੰਦ ਲਿਫ਼ਾਫੇ ਵਿੱਚ ਹੋਣ ਦੇ ਬਾਵਜੂਦ ਕੁਝ ਮੀਡੀਆ ਰਿਪੋਰਟਾਂ ਵਿੱਚ ਲੀਕ ਹੋਏ ਦਸਤਾਵੇਜ਼ ਦੇ ਆਧਾਰ 'ਤੇ ਖ਼ਬਰਾਂ ਆਈਆਂ ਸਨ। ਚੀਫ਼ ਜਸਟਿਸ ਰੰਜਨ ਗੋਗਈ, ਜਸਟਿਸ ਐਸ.ਕੇ. ਕੌਲ ਅਤੇ ਜਸਟਿਸ ਕੇ.ਐਮ. ਜੋਸੇਫ ਦੇ ਬੈਂਚ ਨੇ ਆਲੋਕ ਵਰਮਾ ਵੱਲੋਂ ਪੇਸ਼ ਹੋਏ ਵਕੀਲ ਫਲੀ ਐਸ. ਨਰੀਮਨ ਨੂੰ ਇੱਕ ਨਿਊਜ਼ ਪੋਰਟਲ ਦੀ ਉਹ ਖ਼ਬਰ ਦੱਸੀ ਜਿਸ ਵਿੱਚ ਸੀਬੀਆਈ ਚੀਫ਼ ਦੇ ਜਵਾਬ ਦਾ ਜ਼ਿਕਰ ਸੀ। ਨਰੀਮਨ ਨੇ ਮੀਡੀਆ ਰਿਪੋਰਟ ਦੇਖ ਕੇ ਕਿਹਾ ਕਿ ਉਹ ਹੈਰਾਨ ਹਨ ਕਿ ਜਵਾਬ ਕਿੰਝ ਲੀਕ ਹੋ ਗਿਆ। ਉਨ੍ਹਾਂ ਬੈਂਚ ਤੋਂ ਮੰਗ ਕੀਤੀ ਕਿ ਪੋਰਟਲ ਦੇ ਪੱਤਰਕਾਰਾਂ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਦੇ ਮੁਖੀ ਆਲੋਕ ਵਰਮਾ ਤੇ ਨੰਬਰ ਦੋ 'ਤੇ ਆਉਂਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵੱਲੋਂ ਇੱਕ-ਦੂਜੇ 'ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਾਉਣ ਤੋਂ ਬਾਅਦ ਦੋਵਾਂ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ। ਆਲੋਕ ਵਰਮਾ ਨੇ ਛੁੱਟੀ 'ਤੇ ਭੇਜੇ ਜਾਣ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਅਤੇ ਅਦਾਲਤ ਨੇ ਸੀਵੀਸੀ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਇਸ ਸਮੇਂ ਅੰਤ੍ਰਿਮ ਡਾਇਰੈਕਟਰ ਨਾਗੇਸ਼ਵਰ ਰਾਓ ਸੀਬੀਆਈ ਦਾ ਕੰਮਕਾਜ ਦੇਖ ਰਹੇ ਹਨ।