ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਜੱਜ ਜਸਟਿਸ ਦੀਪਕ ਮਿਸ਼ਰਾ ਨੇ ਮੀਡੀਆ ਦੀ ਖਿਚਾਈ ਕਰਦਿਆਂ ਕਈ ਟਿੱਪਣੀਆਂ ਕੀਤੀਆਂ। ਸੀ.ਜੇ.ਆਈ. ਨੇ ਇਹ ਗੱਲਾਂ ਬੀਤੇ ਕੱਲ੍ਹ ਭਾਜਪਾ ਪ੍ਰਧਾਨ ਅਮਿਤਸ਼ਾਹ ਦੇ ਪੁੱਤਰ ਜੈਸ਼ਾਹ ਵੱਲੋਂ ਗੁਜਰਾਤ ਦੀ ਅਦਾਲਤ ਵਿੱਚ ਦਾਇਰ ਫੌਜਦਾਰੀ ਮਾਣਹਾਨੀ ਦੇ ਕੇਸ ਦੀ ਸੁਣਵਾਈ 'ਤੇ 12 ਅਪਰੈਲ ਤੱਕ ਰੋਕ ਲਾਉਣ ਤੋਂ ਬਾਅਦ ਕਹੀਆਂ। ਜੈਸ਼ਾਹ ਨੇ ਇਹ ਕੇਸ ਨਿਊੂਜ਼ ਪੋਰਟਲ ‘ਦ ਵਾਇਰ’ ਤੇ ਇਸ ਦੇ ਪੱਤਰਕਾਰਾਂ ਵਿਰੁੱਧ ਇਸ ਲਈ ਦਰਜ ਕਰਵਾਇਆ ਸੀ ਕਿ ਅਦਾਰੇ ਨੇ ਉਨ੍ਹਾਂ ਦੀ ਕੰਪਨੀ ਦੇ ਵਪਾਰ ਵਿੱਚ ਹੈਰਾਨੀਜਨਕ ਵਾਧੇ 'ਤੇ ਕਥਿਤ ਭ੍ਰਿਸ਼ਟਾਚਾਰ ਤੇ ਸਰਕਾਰੀ ਮਿਹਰ ਹੋਣ ਦੀ ਗੱਲ ਕਹੀ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਮੀਡੀਆ ਦੀ,‘ ਜਿਵੇਂ ਠੀਕ ਲੱਗੇ, ਉਵੇਂ ਪੇਸ਼ ਕਰਨ’ ਦੀ ਪਹੁੰਚ ਦੀ ਖਿਚਾਈ ਕਰਦਿਆਂ ਮੀਡੀਆ ਦੇ ਅਧਿਕਾਰ ਅਤੇ ਆਜ਼ਾਦੀ ਦੇ ਖੇਤਰ ਬਾਰੇ ਵੀ ਟਿੱਪਣੀਆਂ ਕੀਤੀਆਂ। ਗੁੱਸੇ ਵਿੱਚ ਆਏ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਮੀਡੀਆ ’ਤੇ ਵਰ੍ਹਦਿਆਂ ਵਿਸ਼ੇਸ਼ ਤੌਰ ਉੱਤੇ ਟੀਵੀ ਚੈਨਲਾਂ ਅਤੇ ਇਨ੍ਹਾਂ ਦੇ ਪੱਤਰਕਾਰਾਂ ਉੱਤੇ ਨਿਸ਼ਾਨਾ ਸੇਧਦਿਆਂ ਪੁੱਛਿਆ ਕਿ ਕੀ ਕਿਸੇ ਵਿਅਕਤੀ ਦੀ ਮਾਣਹਾਨੀ ਕਰਨ ਬਾਅਦ ਤੁਸੀਂ ਉਸ ਨੂੰ ਮੁੜ ਤੋਂ ਬਹਾਲ ਕਰ ਸਕਦੇ ਹੋ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਜਿਸ ਵਿੱਚ ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ. ਚੰਦਰਚੂੜ੍ਹ ਸ਼ਾਮਲ ਸਨ। ਉਨ੍ਹਾਂ ਪੱਤਰਕਾਰਾਂ ਦੀ ਖਿਚਾਈ ਕਰਦਿਆਂ ਸਵਾਲ ਕੀਤਾ ਕਿ ਕੀ ਉਹ ਜੋ ਚਾਹੁੰਦੇ ਹਨ, ਉਹ ਹੀ ਲਿਖ ਸਕਦੇ ਹਨ? ਉਨ੍ਹਾਂ ਕਿਹਾ ਕਿ ਕਈ ਵਾਰ ਪੱਤਰਕਾਰ ਜੋ ਲਿਖਦੇ ਹਨ ,ਉਹ ਗੰਭੀਰ ਅਦਾਲਤੀ ਮਾਣਹਾਨੀ ਦਾ ਮਾਮਲਾ ਵੀ ਬਣ ਸਕਦਾ ਹੈ। ਇਲੈਕਟ੍ਰਾਨਿਕ ਮੀਡੀਆ ਨੂੰ ਵਧੇਰੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਚੈਨਲ ਦਾ ਨਾਂਅ ਨਹੀ ਲੈਣਾ ਚਾਹੁੰਦੇ ਪਰ ਉਹ ‘ਪੋਪ’ ਦੀ ਤਰ੍ਹਾਂ ਵਰਤਾਅ ਕਰਦੇ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਸ਼ਾਹ ਤੇ ਹੋਰ ਪਟੀਸ਼ਨਕਾਰਾਂ ਤੇ ਪੋਰਟਲ ਲੇਖਕ ਰੋਹਿਨੀ ਸਿੰਘ ਤੇ ਹੋਰਨਾਂ ਨੂੰ ਦੋ ਹਫ਼ਤਿਆਂ ਦੇ ਵਿੱਚ ਆਪਣਾਂ ਪੱਖ ਪੇਸ਼ ਕਰਨ ਲਈ ਆਖਿਆ ਹੈ।