Haryana News : ਹਰਿਆਣਾ ਦੇ ਨੂਹ ਵਿੱਚ ਦੋ ਗੁੱਟਾਂ ਵਿੱਚ ਝੜਪ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਵੀ ਮੌਕੇ 'ਤੇ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੱਥਰਬਾਜ਼ੀ ਅਤੇ ਗੋਲੀਬਾਰੀ ਬ੍ਰਿਜ ਮੰਡਲ ਯਾਤਰਾ (Brij Mandal Yatra)
  ਦੌਰਾਨ ਹੋਈ। ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਕੱਢੀ ਗਈ ਹੈ। ਜਿਸ ਵਿੱਚ ਗੁਰੂਗ੍ਰਾਮ ਤੋਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸੈਂਕੜੇ ਵਰਕਰ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਕਰਨ ਲਈ ਸ਼ਿਵ ਮੰਦਰ ਮੇਵਾਤ ਗਏ ਹੋਏ ਸਨ।

 

ਇੰਟਰਨੈੱਟ ਬੰਦ, ਧਾਰਾ 144 ਲਾਗੂ


ਇਸ ਘਟਨਾ ਤੋਂ ਬਾਅਦ ਨੂਹ 'ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਜ਼ਿਆਦਾਤਰ ਥਾਵਾਂ 'ਤੇ ਅਜੇ ਵੀ ਇੰਟਰਨੈੱਟ ਚੱਲ ਰਿਹਾ ਹੈ। ਨੂਹ ਵਿੱਚ ਧਾਰਾ 144 ਲਗਾਈ ਗਈ ਹੈ। ਇੱਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਪੀਕਰ ਰਾਹੀਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਲਗਾਤਾਰ ਨਿਰਦੇਸ਼ ਦਿੱਤੇ ਜਾ ਰਹੇ ਹਨ।

ਪੁਲਿਸ ਨੇ ਮਾਮਲਾ ਸ਼ਾਂਤ ਕਰਨ ਲਈ ਕੀਤੀ ਫਾਇਰਿੰਗ 

ਗੁਰੂਗ੍ਰਾਮ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਯਸ਼ਵੰਤ ਸ਼ੇਖਾਵਤ ਦੇ ਅਨੁਸਾਰ ਜਿਵੇਂ ਹੀ ਯਾਤਰਾ ਸ਼ਿਵ ਮੰਦਰ ਪਹੁੰਚੀ ਤਾਂ ਸ਼ਰਾਰਤੀ ਅਨਸਰਾਂ ਨੇ ਯਾਤਰਾ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਅੱਗਜ਼ਨੀ ਵੀ ਸ਼ੁਰੂ ਕਰ ਦਿੱਤੀ ਅਤੇ ਕਈ ਵਾਹਨਾਂ ਦੀ ਭੰਨਤੋੜ ਵੀ ਕੀਤੀ। ਹੰਗਾਮੇ ਦੌਰਾਨ ਗੋਲੀਬਾਰੀ ਤੋਂ ਲੈ ਕੇ ਅੱਗਜ਼ਨੀ ਤੱਕ ਦੀਆਂ ਘਟਨਾਵਾਂ ਵਾਪਰੀਆਂ। ਕਈ ਸਰਕਾਰੀ ਵਾਹਨਾਂ ਦੀ ਵੀ ਭੰਨ-ਤੋੜ ਕੀਤੀ ਗਈ ਅਤੇ ਕੁਝ ਨਿੱਜੀ ਵਾਹਨਾਂ ਨੂੰ ਵੀ ਭੀੜ ਨੇ ਨਿਸ਼ਾਨਾ ਬਣਾਇਆ। ਪੁਲਿਸ ਨੇ ਮਾਮਲਾ ਸ਼ਾਂਤ ਕਰਨ ਲਈ ਫਾਇਰਿੰਗ ਵੀ ਕੀਤੀ। ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਜ਼ਿਆਦਾਤਰ ਬਾਜ਼ਾਰ ਬੰਦ ਹੋ ਗਏ ਹਨ ਅਤੇ ਲੋਕ ਆਪਣੇ ਘਰਾਂ ਨੂੰ ਚਲੇ ਗਏ ਹਨ।


 

ਰਾਜਸਥਾਨ ਦੇ ਭਰਤਪੁਰ 'ਚ ਬੱਚਿਆਂ ਨਾਲ ਹੋਇਆ ਸੀ ਵਿਵਾਦ 

ਦੱਸ ਦਈਏ ਕਿ ਪਿਛਲੇ ਕੁਝ ਸਮੇਂ 'ਚ ਮੁਹੱਰਮ ਦੇ ਮੌਕੇ 'ਤੇ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ 'ਚ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ ਸੀ ਅਤੇ ਮਾਮਲਾ ਵਧ ਗਿਆ ਸੀ। ਪਹਿਲਾ ਮਾਮਲਾ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਮਛਲੀ ਮੁਹੱਲੇ ਦਾ ਹੈ, ਜਿੱਥੇ ਹਰ ਸਾਲ ਦੀ ਤਰ੍ਹਾਂ ਮੁਹੱਰਮ ਦੇ ਦਿਨ  ਤਾਜੀਆ ਕੱਢਿਆ ਗਿਆ। ਤਾਜੀਆ ਨੂੰ ਚੁੱਕਣ ਅਤੇ ਉਸ ਦੀ ਅਗਵਾਈ ਕਰਨ ਲਈ ਬੱਚਿਆਂ ਵਿਚਕਾਰ ਲੜਾਈ ਹੋਈ। ਬੱਚਿਆਂ ਦੇ ਇਸ ਝਗੜੇ ਨੇ ਐਤਵਾਰ ਨੂੰ ਵੱਡਾ ਰੂਪ ਲੈ ਲਿਆ। ਇਸ ਤੋਂ ਬਾਅਦ ਇਲਾਕੇ 'ਚ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਪੱਥਰਬਾਜ਼ੀ ਹੋਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ 30 ਦੇ ਕਰੀਬ ਲੋਕਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ।