ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯਕੀਨ ਦਿਵਾਇਆ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਖ਼ਤਰਿਆਂ ਤੋਂ ਬਚਾਉਣ ਲਈ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉੱਤਰ ਪ੍ਰਦੇਸ਼ ਪੁਲਿਸ ਨੇ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।

ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪੁੱਛਣ 'ਤੇ ਕਿ ਕੀ ਉਹ ਬਾਦਲਾਂ ਵਿਰੁੱਧ ਖ਼ਤਰਿਆਂ ਤੋਂ ਜਾਣੂ ਸਨ, ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਸੀਨੀਅਰ ਲੀਡਰਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਪੁਖ਼ਤਾ ਹਨ ਤੇ ਲੋੜ ਪੈਣ 'ਤੇ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਲਈ ਵਿਸ਼ੇਸ਼ ਬਖ਼ਤਰਬੰਦ ਗੱਡੀਆਂ ਨੂੰ ਮੁੜ ਤੋਂ ਖ਼ਰੀਦਣ ਲਈ ਸੁਰੱਖਿਆ ਵਿਭਾਗ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਸੀ ਕਿ ਸਾਬਕਾ ਮੁੱਖ ਮੰਤਰੀ ਦੀ ਬੁਲਟ ਪਰੂਫ਼ ਕਾਰ ਦੀ ਮਿਆਦ ਪੁੱਗ ਚੁੱਕੀ ਹੈ।

ਉੱਧਰ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਸਹਾਇਕ ਨੇ ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਲੈਣ ਲਈ ਲਖਨਊ ਪੁਲਿਸ ਤੇ ਮੇਰਠ ਜ਼ੋਨ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨਾਲ ਮੁਲਾਕਾਤ ਵੀ ਕੀਤੀ। ਏਡੀਜੀ ਨੇ ਬੀਤੇ ਕੱਲ੍ਹ ਦੱਸਿਆ ਸੀ ਕਿ ਬੀਤੀ ਦੋ ਅਕਤੂਬਰ ਨੂੰ ਸ਼ਾਮਲੀ ਜ਼ਿਲ੍ਹੇ ਦੀ ਝਿੰਜਾਨਾ ਪੁਲਿਸ ਚੌਕੀ 'ਤੇ ਬੀਤੀ ਦੋ ਅਕਤੂਬਰ ਨੂੰ ਹਮਲਾ ਕਰਕੇ ਪੁਲਿਸ ਦੀਆਂ ਰਾਈਫ਼ਲਾਂ ਚੋਰੀ ਕਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜਿਸ਼ ਘੜਨ ਵਾਲੇ ਕਰਮ ਸਿੰਘ, ਗੁਰਜੰਟ ਸਿੰਘ ਅਤੇ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ ਸ਼ਾਮਲੀ, ਸਹਾਰਨਪੁਰ ਅਤੇ ਕਰਨਾਲ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ ਅਤੇ ਏਟੀਐਸ ਤੇ ਦਿੱਲੀ ਆਈ.ਬੀ. ਦੀਆਂ ਟੀਮਾਂ ਵੀ ਤਿੰਨਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਸਰਗਰਮ ਹਨ। ਪੁਲਿਸ ਇਸ ਸਾਜ਼ਿਸ਼ ਦੇ ਮਾਸਟਰਮਾਈਂਡ ਜਰਮਨ ਨਾਂ ਦੇ ਵਿਅਕਤੀ ਨੂੰ ਤਲਾਸ਼ ਕਰ ਰਹੀ ਹੈ।