ਵਾਸ਼ਿੰਗਟਨ: ਆਈਟੀ ਕੰਪਨੀਆਂ ਦੀ ਜਥੇਬੰਦੀ ਨੇ ਅਮਰੀਕੀ ਪ੍ਰਵਾਸ ਏਜੰਸੀ ਵਿਰੁੱਧ ਕੇਸ ਦਾਇਰ ਕਰ ਦਿੱਤਾ ਹੈ। ਇਸ ਸਮੂਹ ਵਿੱਚ ਇੱਕ ਹਜ਼ਾਰ ਤੋਂ ਵੱਧ ਕੰਪਨੀਆਂ ਹਨ, ਜਿਨ੍ਹਾਂ ਨੂੰ ਜ਼ਿਆਦਾਤਰ ਭਾਰਤੀ ਮੂਲ ਦੇ ਅਮਰੀਕੀ ਲੋਕ ਚਲਾ ਰਹੇ ਹਨ। ਇਸ ਸਮੂਹ ਦਾ ਇਲਜ਼ਾਮ ਹੈ ਕਿ ਅਮਰੀਕੀ ਨਾਗਰਿਕਤਾ ਤੇ ਪ੍ਰਵਾਸ ਸੇਵਾ ਵੱਲੋਂ ਤਿੰਨ ਸਾਲ ਤੋਂ ਘੱਟ ਸਮੇਂ ਲਈ ਹੀ ਐਚ1-ਬੀ ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ, ਜਦਕਿ ਇਹ ਘੱਟੋ-ਘੱਟ ਮਿਆਦ ਹੈ।

ਡਲਾਸ ਦੇ ਆਈਟੀ ਸਰਵ ਅਲਾਇੰਸ ਨਾਂ ਦੇ ਸਮੂਹ ਨੇ ਯੂਐਸੀਆਈਐਸ 'ਤੇ 43 ਸਫ਼ਿਆਂ ਦਾ ਦਾਅਵਾ ਕੀਤਾ ਹੈ ਕਿ ਐਚ1-ਬੀ ਵੀਜ਼ਾ ਤਿੰਨ ਤੋਂ ਘੱਟ ਸਾਲਾਂ ਲਈ ਜਾਰੀ ਕੀਤਾ ਜਾ ਰਿਹਾ ਹੈ। ਆਈਟੀ ਸਰਵ ਕੰਪਨੀ ਨੇ ਦੋਸ਼ ਲਾਇਆ ਹੈ ਕਿ ਇਸ ਵਾਰ ਐਚ1-ਬੀ ਵੀਜ਼ਾ 12 ਦਿਨ, 28 ਦਿਨ ਤੇ 73 ਦਿਨ ਵਰਗੀਆਂ ਥੁੜ ਮਿਆਦੀ ਤੇ ਬੇਤੁਕੇ ਸਮੇਂ ਲਈ ਜਾਰੀ ਕੀਤਾ ਗਿਆ ਹੈ। ਸਮੂਹ ਦੇ ਮੁਖੀ ਗੋਪੀ ਕੁੰਦੁਕੁਰੀ ਮੁਤਾਬਕ ਪ੍ਰਵਾਸ ਵਿਭਾਗ ਪਿਛਲੇ ਅੱਠ ਸਾਲਾਂ ਤੋਂ ਮਨਮਰਜ਼ੀ ਦੇ ਨਿਯਮ ਬਣਾ ਰਿਹਾ ਹੈ।

ਆਮ ਤੌਰ 'ਤੇ ਵਿਦੇਸ਼ ਕਰਮਚਾਰੀਆਂ ਲਈ ਇਸ ਵੀਜ਼ਾ ਦੀ ਮਿਆਦ ਤਿੰਨ ਤੋਂ ਛੇ ਸਾਲਾਂ ਦੇ ਦਰਮਿਆਨ ਹੁੰਦੀ ਹੈ। ਅਮਰੀਕੀ ਪ੍ਰਵਾਸ ਵਿਭਾਗ ਵਿਰੁੱਧ ਅਜਿਹਾ ਦੂਜਾ ਕੇਸ ਹੈ, ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਸਰਵ ਅਲਾਇੰਸ ਨੇ ਟਰੰਪ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵਿਦੇਸ਼ੀ ਕਾਮੇ ਆਪਣੇ ਦਫ਼ਤਰ ਤੋਂ ਹੀ ਕੰਮ ਕਰ ਸਕਦੇ ਹਨ, ਕਿਸੇ ਹੋਰ ਦਫ਼ਤਰ ਤੋਂ ਨਹੀਂ।