ਵਾਸ਼ਿੰਗਟਨ: ਅਮਰੀਕਾ ਦੇ ਸਭ ਤੋਂ ਵੱਡੇ ਮੀਡੀਆ ਹਾਊਸ CNN ਦੇ ਤਾਜ਼ਾ ਸਰਵੇਖਣ ਵਿੱਚ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ 46 ਫੀਸਦੀ ਅਮਰੀਕੀਆਂ ਦਾ ਵਿਸ਼ਵਾਸ ਹੈ ਕਿ ਅਗਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਹੀ ਜਿੱਤ ਹਾਸਲ ਕਰਨਗੇ। ਐਤਵਾਰ ਨੂੰ ਜਾਰੀ ਕੀਤੇ ਇਸ ਸਰਵੇਖਣ ਅਨੁਸਾਰ, ਟਰੰਪ ਦੇ ਦੁਬਾਰਾ ਜਿੱਤਣ ਬਾਰੇ ਲੋਕਾਂ ਦੇ ਵਿਚਾਰ ਵੱਖੋ-ਵੱਖਰੇ ਸਨ। 47 ਫੀਸਦੀ ਲੋਕ ਵਿਸ਼ਵਾਸ ਕਰਦੇ ਹਨ ਕਿ ਟਰੰਪ ਮੁੜ ਚੋਣਾਂ ਨਹੀਂ ਜਿੱਤ ਪਾਉਣਗੇ।

ਮਾਰਚ ਵਿੱਚ ਕਰਵਾਇਆ ਇਹ ਸਰਵੇਖਣ ਟਰੰਪ ਲਈ ਬਹੁਤ ਵਧੀਆ ਸਾਬਤ ਹੋਇਆ ਹੈ। ਮਾਰਚ ਵਿੱਚ 54 ਫੀਸਦੀ ਬਾਲਗਾਂ ਦਾ ਮੰਨਣਾ ਸੀ ਕਿ ਟਰੰਪ ਅਗਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਜਾਣਗੇ। ਸਰਵੇਖਣ ਵਿੱਚ ਪਾਇਆ ਗਿਆ ਕਿ ਟਰੰਪ ਦੇ ਮੁਕਾਬਲੇ ਲਈ ਦਾਅਵੇਦਾਰੀ ਵਿੱਚ ਡੈਮੋਕ੍ਰੇਟਿਕ ਪਾਰਟੀ ਨੇਤਾ ਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਅੱਗੇ ਹਨ।

ਸਰਵੇਖਣ ਦੌਰਾਨ ਡੈਮੋਕਰੇਟ ਤੇ ਡੈਮੋਕਰੇਟ ਰੁਝਾਨ ਰੱਖਣ ਵਾਲੇ ਲੋਕਾਂ ਨੂੰ 16 ਸੰਭਾਵੀ ਉਮੀਦਵਾਰਾਂ ਵਿੱਚੋਂ ਉਨ੍ਹਾਂ ਦੇ ਮਨਪਸੰਦ ਉਮੀਦਵਾਰਾਂ ਬਾਰੇ ਪੁੱਛਿਆ ਗਿਆ ਸੀ। ਇਨ੍ਹਾਂ ਵਿੱਚੋਂ ਬਿਡੇਨ ਨੂੰ 33 ਫੀਸਦੀ ਦਾ ਸਭ ਤੋਂ ਵੱਧ ਸਮਰਥਨ ਮਿਲਿਆ। ਉਨ੍ਹਾਂ ਤੋਂ ਬਾਅਦ 13 ਫੀਸਦੀ ਸਮਰਥਨ ਨਾਲ ਵੇਰਮੌਂਟ ਦੇ ਆਜ਼ਾਦ ਸੈਨੇਟਰ ਬਰਨੀ ਸੈਂਡਰਜ਼ ਰਹੇ।

ਜ਼ਿਕਰਯੋਗ ਹੈ ਕਿ ਸੈਂਡਰਜ਼ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਹਿੱਸਾ ਲਿਆ ਸੀ। ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ 9 ਫੀਸਦੀ ਤੇ ਸੀਨੇਟਰ ਐਲਿਜ਼ਾਬੈਥ ਵਾਰਨ ਨੂੰ 8 ਫੀਸਦੀ ਦਾ ਸਮਰਥਨ ਪ੍ਰਾਪਤ ਹੋਇਆ। ਸੀਐਨਐਨ ਨੇ ਇਹ ਸਰਵੇਖਣ 4 ਅਕਤੂਬਰ ਤੋਂ 7 ਅਕਤੂਬਰ ਤਕ ਕਰਵਾਇਆ, ਜਿਸ ਵਿੱਚ 1,009 ਬਾਲਗਾਂ ਤੋਂ ਲੈਂਡਲਾਈਨ ਜਾਂ ਮੋਬਾਈਲ ਫੋਨਾਂ ਰਾਹੀਂ ਰਾਏ ਪੁੱਛੀ ਗਈ ਸੀ।