ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਊਦੀ ਅਰਬ ਵਰਗੇ ਤੇਲ ਉਤਪਾਦਕ ਦੇਸ਼ ਨੂੰ ਅਪੀਲ ਕੀਤੀ ਹੈ ਕਿ ਉਹ ਅਦਾਇਗੀ ਵਿੱਚ ਕੁਝ ਆਰਜ਼ੀ ਰਾਹਤ ਦੇਣ ਤਾਂ ਜੋ ਰੁਪਏ ਨੂੰ ਕੁਝ ਸੰਭਾਲਿਆ ਜਾ ਸਕੇ। ਮੋਦੀ ਨੇ ਦਲੀਲ ਦਿੱਤੀ ਕਿ ਕੱਚੇ ਤੇਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਆਲਮੀ ਅਰਥਚਾਰੇ ਦਾ ਨਿਚੋੜ ਨਿੱਕਲ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਸਾਊਦੀ ਅਰਬ ਦੇ ਤੇਲ ਮੰਤਰੀ ਖ਼ਾਲਿਦ ਏ ਅਲ-ਫ਼ਲੀਹ ਅਤੇ ਯੂਏਈ ਦੇ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਮੋਦੀ ਨੇ ਭਾਰਤ ਵਿੱਚ ਤੇਲ ਤੇ ਗੈਸ ਤਲਾਸ਼ ਸਬੰਧੀ ਨਿਵੇਸ਼ ਨਾ ਆਉਣ ਦੇ ਕਾਰਨਾਂ 'ਤੇ ਵੀ ਚਰਚਾ ਕੀਤੀ। ਬੈਠਕ ਵਿੱਚ ਦੱਸਿਆ ਗਿਆ ਕਿ ਕੱਚੇ ਤੇਲ ਦੀ ਪੈਦਾਵਾਰ ਨਹੀਂ ਘਟੀ ਪਰ ਬਾਜ਼ਾਰੀਕਰਨ ਦੇ ਨਵੇਂ ਤਰੀਕੇ ਨੇ ਕੀਮਤਾਂ ਵਿੱਚ ਉਛਾਲ ਲਿਆਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਭਾਰਤੀ ਰੁਪਿਆ 14.5 ਫ਼ੀਸਦ ਤਕ ਡਿੱਗ ਗਿਆ ਹੈ, ਜਿਸ ਕਾਰਨ ਦਰਾਮਦ ਹੋਰ ਵੀ ਮਹਿੰਗੀਆਂ ਹੋ ਰਹੀਆਂ ਹਨ। ਭਾਰਤ ਆਪਣੀ ਲੋੜ ਦੇ 83 ਫ਼ੀਸਦੀ ਪੈਟਰੋਲੀਅਮ ਪਦਾਰਥਾਂ ਲਈ ਦਰਾਮਦ 'ਤੇ ਨਿਰਭਰ ਕਰਦਾ ਹੈ।
ਮੋਦੀ ਨੇ ਬੈਠਕ ਵਿੱਚ ਤੇਲ ਉਤਪਾਦਕ ਦੇਸ਼ਾਂ ਨੂੰ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਖਪਤਕਾਰੀ ਦੇਸ਼ਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਅਦਾਇਗੀ ਵਿੱਚ ਕੁਝ ਰਿਆਇਤਾਂ ਦੇਣ ਅਪੀਲ ਕੀਤੀ।