ਵੇਖੋ ਜਾਂਬਾਜ਼ ਪਾਇਲਟ ਦਾ ਕਾਰਨਾਮਾ, ਤੂਫਾਨ 'ਚ ਘਿਰੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ
ਏਬੀਪੀ ਸਾਂਝਾ | 15 Oct 2018 05:10 PM (IST)
ਨਵੀਂ ਦਿੱਲੀ: ਅਕਸਰ ਫ਼ਿਲਮਾਂ ਵਿੱਚ ਹੀਰੋ ਨੂੰ ਇੰਨਾ ਵਧਾ ਚੜ੍ਹਾ ਦੇ ਪੇਸ਼ ਕੀਤਾ ਜਾਂਦਾ ਹੈ ਕਿ ਉਹ ਤੂਫਾਨਾਂ ਦੇ ਰੁਖ਼ ਬਦਲਣ ਵਾਲਾ ਸੂਰਮਾ ਜਾਪਣ ਲੱਗੇ ਪਰ ਇਹ ਵੀਡੀਓ ਦੇਖ ਕੋਈ ਵੀ ਇਸ ਜਹਾਜ਼ ਦੇ ਪਾਇਲਟ ਨੂੰ ਵਾਕਿਆ ਕਿ ਤੂਫਾਨ ਠੱਲ੍ਹਣ ਵਾਲਾ ਯੋਧਾ ਮੰਨ ਲਵੋਗੇ। ਹੋ ਗਏ ਨਾ ਹੈਰਾਨ, ਇਹ ਵੀਡੀਓ 12 ਅਕਤੂਬਰ ਦਾ ਹੈ ਤੇ ਚਾਇਨਾ ਸ਼ਿੰਹੂਆ ਨਿਊਜ਼ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ। ਵੀਡੀਓ ਵਿੱਚ ਟੀਯੂਆਈ ਏਅਰਵੇਅਜ਼ ਦਾ ਬੋਇੰਗ 757-200 ਹਵਾਈ ਜਹਾਜ਼ ਤੂਫ਼ਾਨ ਕਾਰਨ ਯੂਕੇ ਦੇ ਬ੍ਰਿਸਟਲ ਏਅਰਪੋਰਟ ਉਤੇ ਉੱਤਰਨ ਲਈ ਬਹੁਤ ਜੱਦੋ-ਜਹਿਦ ਕਰ ਰਿਹਾ ਹੈ। ਪਾਇਲਟ ਨੇ ਆਪਣੀ ਬਹਾਦੁਰੀ ਤੇ ਸੂਝਬੂਝ ਨਾਲ ਇਹ ਜਹਾਜ਼ ਸੁਰੱਖਿਅਤ ਹਵਾਈ ਪੱਟੀ 'ਤੇ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਤੂਫਾਨ ਕੈਲਮ ਵਿੱਚ ਵਗ ਰਹੀਆਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਨੇ ਇੰਗਲੈਂਡ ਦੀਆਂ ਬਹੁਤ ਸਾਰੀਆਂ ਉਡਾਣਾਂ ਨੂੰ ਪ੍ਰਭਾਵਿਤ ਕੀਤਾ। ਪਰ ਇਸ ਪਾਇਲਟ ਨੇ ਹਾਰ ਨਾ ਮੰਨੀ ਤੇ ਆਪਣਾ ਜਹਾਜ਼ ਸਹੀ ਸਲਾਮਤ ਜ਼ਮੀਨ 'ਤੇ ਉਤਾਰ ਦਿੱਤਾ। ਤੂਫ਼ਾਨਾਂ ਦਾ ਸੀਨਾ ਚੀਰ ਕੇ ਲੈਂਡ ਹੋਏ ਇਸ ਜਹਾਜ਼ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।