ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਲਜ਼ਾਮ ਲਾਇਆ ਹੈ ਕਿ ਰੂਸ ਦੇ ਨਾਲ, ਚੀਨ ਨੇ ਵੀ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਖ਼ਲ ਦਿੱਤਾ। ਪਿਛਲੇ ਮਹੀਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ, ਟ੍ਰੰਪ ਨੇ ਇਲਜ਼ਾਮ ਲਾਇਆ ਸੀ ਕਿ ਚੀਨ 2018 ਦੀਆਂ ਮੱਧਕਾਲੀ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਚੀਨ ਉਨ੍ਹਾਂ ਨੂੰ ਰਾਸ਼ਟਰਪਤੀ ਵਜੋਂ ਨਹੀਂ ਦੇਖਣਾ ਚਾਹੁੰਦਾ।


ਉੱਧਰ ਚੀਨ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕੀਤਾ ਹੈ। ਟਰੰਪ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਕਿਹਾ ਹੈ ਕਿ ਚੀਨ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਖਲ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਨੇ ਇੱਕ ਅਮਰੀਕੀ ਟੈਲੀਵਿਜ਼ਨ ਸ਼ੋਅ ਵਿੱਚ ਕਿਹਾ ਹੈ ਕਿ ਰੂਸ ਨੇ ਦਖ਼ਲਅੰਦਾਜ਼ੀ ਕੀਤੀ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੇ ਵੀ ਦਖ਼ਲ ਦਿੱਤਾ ਸੀ।

ਵੀਰਵਾਰ ਨੂੰ ਰਿਕਾਰਡ ਕੀਤੀ ਇਸ ਇੰਟਰਵਿਊ ਨੂੰ ਐਤਵਾਰ ਦੀ ਰਾਤ ਨੂੰ ਪ੍ਰਸਾਰਤ ਕੀਤਾ ਗਿਆ। ਟਰੰਪ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਚੀਨ ਨੇ ਵੀ ਦਖਲ ਦਿੱਤਾ ਹੈ। ਉਨ੍ਹਾਂ ਠਹਿਰਾਅ ਦੇ ਕੇ ਕਿਹਾ ਕਿ ਚੀਨ ਇੱਕ ਵੱਡੀ ਸਮੱਸਿਆ ਹੈ। ਇਹ ਵੀ ਕਿਹਾ ਕਿ ਉਹ ਰੂਸ ਵਾਲੇ ਪੱਖ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ।