ਫ਼ੌਜ ਤੋਂ ਬਾਅਦ ਹੁਣ ਭਾਰਤੀ ਹੱਦ 'ਚ ਆਣ ਵੜੇ ਚੀਨੀ ਹੈਲੀਕਾਪਟਰ
ਏਬੀਪੀ ਸਾਂਝਾ | 15 Oct 2018 02:01 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਕੌਮਾਂਤਰੀ ਸਰਹੱਦ 'ਤੇ ਚੀਨ ਨੇ ਇੱਕ ਵਾਰ ਫਿਰ ਹੱਦਬੰਦੀ ਦੀ ਉਲੰਘਣਾ ਕੀਤੀ ਹੈ। ਸੂਤਰਾਂ ਮੁਤਾਬਕ, 10 ਦਿਨ ਪਹਿਲਾਂ ਚੀਨ ਦੀ ਪੀਪਲਜ਼ ਲਿਬ੍ਰੇਸ਼ਨ ਆਰਮੀ (ਪੀਐਲਏ) ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਵੈਲੀ ਵਿੱਚ ਵੜ ਗਈ ਸੀ। ਹਾਲਾਂਕਿ, ਭਾਰਤੀ ਜਵਾਨਾਂ ਦੇ ਵਿਰੋਧ ਤੋਂ ਬਾਅਦ ਉਹ ਵਾਪਸ ਪਰਤ ਗਏ। ਇਸ ਦੇ ਨਾਲ ਹੀ ਲੱਦਾਖ ਵਿੱਚ ਵੀ ਚੀਨੀ ਫ਼ੌਜ ਨੇ ਹਵਾਈ ਹੱਦਬੰਦੀ ਦੀ ਉਲੰਘਣਾ ਕੀਤੀ। ਭਾਰਤ-ਤਿੱਬਤ ਸੀਮਾ ਪੁਲਿਸ ਬਲ (ਆਈਟੀਬੀਪੀ) ਦੀ ਰਿਪੋਰਟ ਮੁਤਾਬਕ ਚੀਨ ਦੇ ਦੋ ਹੈਲੀਕਾਪਟਰ ਬੀਤੀ 27 ਅਗਸਤ ਨੂੰ ਸਵੇਰੇ ਤਕਰੀਬਨ ਨੌਂ ਕੁ ਵਜੇ ਲੱਦਾਖ ਦੇ ਬੁਤਰਸੇ ਤੇ ਟ੍ਰੈਕ ਜੰਕਸ਼ਨ ਪੋਸਟ ਦੇ ਨੇੜੇ-ਤੇੜੇ ਦੇਖੇ ਗਏ। ਦੋਵੇਂ ਚੀਨੀ ਹੈਲੀਕਾਪਟਰ MI-17 ਵਾਂਗ ਦਿੱਸ ਰਹੇ ਸਨ। ਪੰਜ ਮਿੰਟਾਂ ਤਕ ਦੋਵੇਂ ਭਾਰਤੀ ਹਵਾਈ ਖੇਤਰ ਵਿੱਚ ਰਹੇ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਦੱਸਦਾ ਹੈ ਉਸ ਦੀ ਫ਼ੌਜ ਸਰਹੱਦੀ ਇਲਾਕਿਆਂ ਵਿੱਚ ਕਈ ਵਾਰ ਘੁਸਪੈਠ ਕਰ ਚੁੱਕੀ ਹੈ। ਪਿਛਲੇ ਸਾਲ 26 ਦਸੰਬਰ 2017 ਵਿੱਚ ਚੀਨ ਦੀ ਸੜਕ ਬਣਾਉਣ ਵਾਲੀ ਟੁਕੜੀ ਭਾਰਤ ਵਿੱਚ ਦਾਖ਼ਲ ਹੋ ਗਈ ਸੀ। ਇਸ ਤੋਂ ਬਾਅਦ ਭਾਰਤੀ ਫ਼ੌਜ ਨੇ ਉਨ੍ਹਾਂ ਦੇ ਸੰਦ ਜ਼ਬਤ ਕਰ ਕੇ ਉੱਥੋਂ ਭਜਾ ਦਿੱਤਾ ਸੀ। ਇਹ ਘਟਨਾ ਡੋਕਲਾਮ ਦਾ ਵਿਵਾਦ ਸੁਲਝਣ ਤੋਂ ਚਾਰ ਮਹੀਨਿਆਂ ਬਾਅਦ ਵਾਪਰੀ ਸੀ। ਇਸ ਤੋਂ ਬਾਅਦ ਵੀ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ।