ਹਿਮਾਚਲ ਦੇ ਬਜਟ ’ਚ ਮੁਲਾਜ਼ਮਾਂ ਦੀ ਬੱਲੇ-ਬੱਲੇ, ਵੱਖ-ਵੱਖ ਵਰਗਾਂ ਲਈ ਵੱਡੇ ਐਲਾਨ
ਏਬੀਪੀ ਸਾਂਝਾ | 09 Feb 2019 05:26 PM (IST)
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬੇ ਦੇ ਵਿੱਤ ਮੰਤਰੀ ਦੇ ਰੂਪ ਵਿੱਚ ਵਿਧਾਨ ਸਭਾ ’ਚ ਆਪਣਾ ਦੂਜਾ ਬਜਟ ਪੇਸ਼ ਕੀਤਾ। ਉਨ੍ਹਾਂ ਇੱਕ ਸ਼ੇਅਰ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਬਜਟ ਵਿੱਚ ਵੱਖ-ਵੱਖ ਵਰਗਾਂ ਲਈ ਵੱਡੇ ਐਲਾਨ ਕੀਤੇ ਗਏ। ਇਸ ਦੌਰਾਨ ਮੁੱਖ ਮੰਤਰੀ ਨੇ ਹਿਮਾਚਲ ਵਿੱਚ ਸੰਸਕ੍ਰਿਤ ਨੂੰ ਸੂਬੇ ਦੀ ਦੂਜੀ ਰਾਜ ਭਾਸ਼ਾ ਐਲਾਨ ਕੀਤਾ। ਤਿੰਨ ਘੰਟੇ ਦੇ ਬਜਟ ਭਾਸ਼ਣ ਦੌਰਾਨ ਉਨ੍ਹਾਂ 44 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਬਜਟ ਵਿੱਚ ਹਿਮਾਚਲ ਸਰਕਾਰ ਨੇ ਸੂਬੇ ’ਚ ਰਾਜ ਤੇ ਜ਼ਿਲ੍ਹਾ ਪੱਧਰ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਇੱਕ-ਇੱਕ ਲੈਪਟਾਪ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਮ ਦੌਰਾਨ ਪੱਤਰਕਾਰ ਦੀ ਮੌਤ ’ਤੇ ਸਰਕਾਰ ਨੇ ਪੱਤਰਕਾਰ ਦੇ ਵਾਰਸਾਂ ਨੂੰ ਚਾਰ ਲੱਖ ਅਤੇ ਸੇਵਾ ਮੁਕਤ ਪੱਤਰਕਾਰ ਦੀ ਮੌਤ ’ਤੇ 50 ਹਜ਼ਾਰ ਦੀ ਬਜਾਏ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਹਿਮਾਚਲ ਸਰਕਾਰ ਜਲਦ ਆਪਣੇ ਵਿਕਾਸ ਕਾਰਜਾਂ ਸਬੰਧੀ ਵਿਜ਼ਨ ਡਾਕੂਮੈਂਟਰੀ ਰਿਲੀਜ਼ ਕਰੇਗੀ। ਹਿਮਾਚਲ ਨੂੰ ਕੇਂਦਰ ਤੋਂ ਵਿੱਤ ਪੋਸ਼ਣ ਲਈ 10,333 ਕਰੋੜ ਰੁਪਏ ਹਾਸਲ ਹੋਏ। ਹਰ ਮਹੀਨੇ ਜ਼ਿਲ੍ਹਾ ਪੱਧਰ ’ਤੇ ਜਨਮੰਚ ਪ੍ਰੋਗਰਾਮ ਰੱਖਿਆ ਜਾਏਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹ ਖ਼ੁਦ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਵਿਧਾਇਕ ਪ੍ਰਾਥਮਿਕਤਾ ਦੀ ਰਕਮ 90 ਤੋਂ 105 ਕਰੋੜ ਕਰ ਦਿੱਤੀ ਗਈ ਹੈ। ਮਹਿਲਾ ਮੰਡਲਾਂ ਦੀ ਰਕਮ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕੀਤੀ ਗਈ। ਨੌਜਵਾਨ ਮੰਡਲ ਨੂੰ ਵੀ 25 ਹਜ਼ਾਰ ਦੀ ਰਕਮ ਦਿੱਤੀ ਜਾਏਗੀ। ਪੀਟੀਏ ਤੇ ਪੈਰਾ ਅਧਿਆਪਕਾਂ ਨੂੰ ਪੱਕੇ ਅਧਿਆਪਕਾਂ ਬਰਾਬਦ ਤਨਖ਼ਾਹ ਮਿਲੇਗੀ। 1-10-2018 ਨੂੰ ਤਿੰਨ ਸਾਲ ਕਾਰਜਕਾਲ ਪੂਰਾ ਕਰਨ ਵਾਲੇ ਪੀਟੀਏ ਪੈਰਾ ਅਧਿਆਪਕਾਂ ਨੂੰ ਘੱਟੋ-ਘੱਟ ਆਮਦਨ ਪਲੱਸ ਗ੍ਰੇਡ ਪੇਅ ਤੇ ਮਹਿੰਗਾਈ ਭੱਤਾ ਦਿੱਤਾ ਜਾਏਗਾ। ਸਿੱਖਿਆ ’ਤੇ 7,598 ਕਰੋੜ ਰੁਪਏ ਖ਼ਰਚ ਕਰਨ ਦਾ ਬਜਟ ਪੇਸ਼ ਕੀਤਾ ਗਿਆ। ਕਾਂਗੜਾ ਤੇ ਸੋਲਨ ’ਚ ਆਈਟੀ ਪਾਰਕ ਖੋਲ੍ਹੇ ਜਾਣਗੇ। ਦੁਰਘਟਨਾ ਵਿੱਚ ਮਾਰੇ ਗਏ ਬੱਚਿਆਂ ਤੇ ਵੱਡਿਆਂ ਦੇ ਪਰਿਵਾਰਾਂ ਨੂੰ ਇੱਕੋ ਜਿਹਾ ਮੁਆਵਜ਼ਾ ਦਿੱਤਾ ਜਾਏਗਾ। ਨਵੀਂ ਪੈਨਸ਼ਨ ਸਕੀਮ ਦੇ ਤਹਿਤ ਹੁਣ ਮੁਲਾਜ਼ਮਾਂ ਲਈ ਸਰਕਾਰ ਦਾ ਯੋਗਦਾਨ 10 ਤੋਂ ਵਧਾ ਕੇ 14 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਨਾਲ 80 ਹਜ਼ਾਰ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਪਹਿਲੀ ਜੁਲਾਈ ਤੋਂ ਸੂਬਾ ਸਰਕਾਰ ਮੁਲਾਜ਼ਮਾਂ ਨੂੰ 4 ਫੀਸਦੀ ਮਹਿੰਗਾਈ ਭੱਤਾ ਦਏਗੀ। ਦਿਹਾੜੀਦਾਰਾਂ ਦੀ ਦਿਹਾੜੀ 225 ਤੋਂ ਵਧਾ ਕੇ 250 ਰੁਪਏ ਕਰ ਦਿੱਤੀ ਗਈ ਹੈ।