Takhat Sachkhand Sri Hazur Sahib: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਗੁਰੂ ਚਰਨਾ ਵਿੱਚ ਪੰਜਾਬ ਦੀ ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।


ਮੁੱਖ ਮੰਤਰੀ ਨੇ ਏਅਰਪੋਰਟ ਉੱਤੇ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ, ਉਹ ਗੁਰੂ ਮਹਾਰਾਜ ਦਾ ਆਸ਼ਿਰਵਾਦ ਲੈਣ ਲਈ ਆਏ ਹਨ ਕਿ ਵਾਹਿਗੁਰੂ ਪੰਜਾਬ ਦੀ ਸੇਵਾ ਕਰਨ ਤੇ ਲੋਕਾਂ ਦੇ ਪੱਖ ਵਿੱਚ ਫੈਸਲੇ ਲੈਣ ਦਾ ਬਲ ਬਖਸ਼ੇ, ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਹ ਭਲਕੇ ਮਹਾਰਾਸ਼ਟਰ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ ਤਾਂ ਕਿ ਪੰਜਾਬ ਨਾਲ ਕਾਰੋਬਾਰ ਵਧਾਇਆ ਜਾ ਸਕੇ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਪੁੱਛਣ ਉੱਤੇ ਮਾਨ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਰਿਹਾਈ ਲਈ ਅਰਦਾਸ ਕਰਨਗੇ।






ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਨਤਮਸਤਕ ਹੋਏ ਗੁਰੂ ਚਰਨਾਂ 'ਚ ਉਹਨਾਂ ਪੰਜਾਬ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ


ਪਾਰਟੀ ਨੇ ਲਿਖਿਆ ਕਿ, ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕਾਂ ਵੱਲੋਂ, ਪਰਿਵਾਰ ਸਮੇਤ ਦਰਸ਼ਨਾਂ ਲਈ ਪਹੁੰਚੇ ਭਗਵੰਤ ਸਿੰਘ ਮਾਨ ਨੂੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਬਖ਼ਸ਼ੇ ਸਤਿਕਾਰ ਲਈ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ, CM ਮਾਨ ਨੇ ਸਮੂਹ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ।