ਚੰਡੀਗੜ੍ਹ: 1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਵੱਲੋਂ ਕਾਂਗਰਸ ਨੂੰ 'ਦੋਸ਼-ਮੁਕਤ' ਕਰਾਰ ਦੇਣ ਤੋਂ ਬਾਅਦ ਸਿਆਸੀ ਦੂਸ਼ਣਬਾਜ਼ੀ ਵਧ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਕਤਲੇਆਮ ਵਿੱਚ ਰਾਹੁਲ ਗਾਂਧੀ ਦੀ ਸ਼ਮੂਲੀਅਤ ਹੋਣ ਸਬੰਧੀ ਦਿੱਤੇ ਬਿਆਨ 'ਤੇ ਆਪਣੇ ਪ੍ਰਧਾਨ ਦੇ ਪੱਖ ਵਿੱਚ ਨਿੱਤਰ ਆਏ ਹਨ। ਇੰਨਾ ਹੀ ਨਹੀਂ ਉਨ੍ਹਾਂ ਵੀ ਕਾਂਗਰਸ ਦੀ 1984 ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ।


ਮੁੱਖ ਮੰਤਰੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਸਮੇਂ ਰਾਹੁਲ ਗਾਂਧੀ ਸਕੂਲ ਵਿੱਚ ਪੜ੍ਹਦਾ ਸੀ ਅਤੇ ਉਸ ਨੂੰ ਹਰ ਗੱਲ ਲਈ ਜ਼ਿੰਮੇਵਾਰ ਠਹਿਰਾਉਣਾ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਟਿੱਪਣੀ ਬੇਤੁਕੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਕ ਪਾਰਟੀ ਵਜੋਂ ਕਾਂਗਰਸ ਕਦੇ ਵੀ ਦੰਗਿਆਂ ਵਿੱਚ ਸ਼ਾਮਲ ਨਹੀਂ ਹੋਈ।



ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀਗਤ ਰੂਪ ਵਿੱਚ ਇਸ ਕਤਲੇਆਮ ਵਿੱਚ ਸ਼ਾਮਲ ਸੀ ਤਾਂ ਉਸ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਕਾਰਨ ਸਮੁੱਚੀ ਪਾਰਟੀ 'ਤੇ ਦੋਸ਼ ਲਾਉਣਾ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਤੌਰ 'ਤੇ ਨਾਦਾਨਗੀ ਅਤੇ ਮੂਰਖਤਾ ਭਰਪੂਰ ਪਹੁੰਚ ਦਾ ਪ੍ਰਗਟਾਵਾ ਹੈ। ਕੈਪਟਨ ਨੇ ਕਿਹਾ ਕਿ ਕੁਝ ਵਿਅਕਤੀਆਂ ਦੇ ਕਾਰੇ ਕਾਰਨ ਤੁਸੀਂ ਕਿਸੇ ਸਮੁੱਚੀ ਪਾਰਟੀ 'ਤੇ ਦੋਸ਼ ਨਹੀਂ ਲਾ ਸਕਦੇ। ਉਨ੍ਹਾਂ ਮੁੜ ਦੁਹਰਾਇਆ ਕਿ 1984 ਦੀਆਂ ਹੱਤਿਆਵਾਂ ਵਿਚ ਸ਼ਾਮਲ ਵਿਅਕਤੀਆਂ ਨੂੰ ਫਾਂਸੀ 'ਤੇ ਲਟਕਾ ਦੇਣਾ ਚਾਹੀਦਾ ਹੈ ਭਾਵੇਂ ਉਸ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ।

ਮੁੱਖ ਮੰਤਰੀ ਨੇ ਦਾਅਵਾ ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ 1984 ਦੇ ਦੰਗਿਆਂ ਸਣੇ ਹਰ ਤਰ੍ਹਾਂ ਦੀ ਹਿੰਸਾ ਦੀ ਆਲੋਚਨਾ ਕੀਤੀ ਹੈ ਅਤੇ ਹਿੰਸਾਵਾਦੀਆਂ ਲਈ ਸਖ਼ਤ ਸਜ਼ਾ ਦਾ ਸੱਦਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਇਹ ਹੈ ਕਿ ਅਦਾਲਤੀ ਪ੍ਰਣਾਲੀ ਵਿਚਲੀ ਦੇਰੀ ਦੇ ਕਾਰਨ 1984 ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਨਿਆਂ ਨਹੀਂ ਮਿਲਿਆ।