ਕੋਲਕਾਤਾ: ਸੀਨੀਅਰ ਕਾਂਗਰਸੀ ਲੀਡਰ ਪੀ ਚਿਦੰਬਰਮ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਹਰਾਉਣ ਤੇ ਭਾਰਤ ਨੂੰ ‘ਡਰ ਦੇ ਸ਼ਾਸਨ’ ਤੋਂ ਮੁਕਤ ਕਰਾਉਣ ਲਈ ਵਿਰੋਧੀ ਪਾਰਟੀਆਂ ਜੇਤੂ ਗਠਜੋੜ ਬਣਾ ਸਕਦੀਆਂ ਹਨ। ਹਾਲਾਂਕਿ ਚਿਦੰਬਰਮ ਨੇ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਕਿ ਗਠਜੋੜ ਵਿੱਚ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਕੌਣ ਹੋਏਗਾ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਗਠਜੋੜ ਬਣਾ ਲੈਣ ਤੇ ਚੋਣਾਂ ਹੋ ਜਾਣ।

ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਵਿਰੋਧੀ ਦਲ ਬੀਜੇਪੀ ਨੂੰ ਹਰਾਉਣਾ ਚਾਹੁੰਦੇ ਹਨ। ਇਸ ਵਿਸ਼ੇ ’ਤੇ ਤਾਮਿਲਨਾਡੂ, ਕੇਰਲ, ਮਹਾਰਾਸ਼ਟਰ, ਪੱਛਮ ਬੰਗਾਲ ਤੇ ਬਿਹਾਰ ਆਦਿ ਕਈ ਸੂਬਿਆਂ ਵਿੱਚ ਵਿਚਾਰਾਂ ਪੱਖੋਂ ਇੱਕਜੁੱਟ ਹਨ। ਇਹੀ ਏਕਤਾ ਵਿਰੋਧੀ ਪਾਰਟੀਆਂ ਨੂੰ ਇਕੱਠਿਆਂ ਕਰੇਗੀ ਤੇ ਇਸੇ ਤਰ੍ਹਾਂ ਸੂਬਾ ਪ੍ਰਤੀ ਸੂਬਾ ਗਠਜੋੜ ਬਣਾਏ ਜਾਣਗੇ।

ਚਿਦੰਬਰਮ ਨੇ ਕਿਹਾ ਕਿ ਦਲਿਤ, ਮੁਸਲਿਮ, ਮਹਿਲਾਵਾਂ ਇੱਥੋਂ ਤਕ ਕਿ ਮੀਡੀਆ ਵੀ ਡਰ ਵਿੱਚ ਹਨ। ਅਸੀਂ ਸਵੀਕਾਰਯੋਗ ਲੋਕਤੰਤਰੀ ਅਧਿਕਾਰਾਂ ਤੇ ਜਮਹੂਰੀ ਅਹੁਦਿਆਂ ਤੋਂ ਦੂਰ ਜਾ ਰਹੇ ਹਾਂ। ਇਹ ਦੇਸ਼ ਲਈ ਇੱਕ ਖਤਰਨਾਕ ਰੁਝਾਨ ਹੈ। ਅਸੀਂ ਆਜ਼ਾਦੀ ਚਾਹੁੰਦੇ ਸੀ ਕਿਉਂਕਿ ਅਸੀਂ ਡਰ ਤੋਂ ਦੂਰ ਹੋਣਾ ਚਾਹੁੰਦੇ ਸੀ ਪਰ ਅੱਜ ਦੇਸ਼ ਦਾ ਵੱਡਾ ਵਰਗ ਡਰ ਵਿੱਚ ਜੀ ਰਿਹਾ ਹੈ ਅਤੇ ਇਸ ਡਰ ਨੂੰ ਖ਼ਤਮ ਕਰਨਾ ਪਏਗਾ। ਕਾਂਗਰਸ ਵੱਲੋਂ ਵਿਰੋਧੀਆਂ ਦੇ ਗਠਜੋੜ ਵਿੱਚ ਕਰਨਾਟਕ ਵਾਲਾ ਮਾਡਲ ਅਪਣਾਉਣ ਬਾਰੇ ਚਿਦੰਬਰਮ ਨੇ ਕਿਹਾ ਕਿ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ।