ਚੰਡੀਗੜ੍ਹ: ਕਾਂਗਰਸੀ ਵਿਧਾਇਕ ਉਮੰਗ ਸਿੰਘਰ ਨੇ ਬੀਜੇਪੀ ਦੇ ਲੀਡਰ ਪਰਦੀਪ ਗੜੀਆ 'ਤੇ ਥੱਪੜ ਜੜ ਦਿੱਤਾ। ਦੋਵੇਂ ਲੀਡਰਾਂ ਦਰਮਿਆਨ ਬੀਤੇ ਸ਼ੁੱਕਰਵਾਰ ਬਿਜਲੀ ਦੀ ਤਾਰ 'ਤੇ ਪੈਰ ਰੱਖਣ ਨਾਲ ਗੰਭੀਰ ਜ਼ਖ਼ਮੀ ਹੋਈ ਅੱਠ ਸਾਲਾ ਬੱਚੀ ਨੂੰ ਮੁਆਵਜ਼ਾ ਚੈੱਕ ਦੇਣ ਦੇ ਮੁੱਦੇ 'ਤੇ ਬਹਿਸ ਹੋ ਗਈ, ਜੋ ਤਕਰਾਰ ਤੇ ਫਿਰ ਟਕਰਾਅ ਵਿੱਚ ਬਦਲ ਗਈ। ਮੁਆਵਜ਼ੇ ਦੀ ਰਕਮ ਸਿਰਫ਼ 5000 ਰੁਪਏ ਸੀ, ਪਰ ਇਸ 'ਤੇ ਵੀ ਦੋਵੇਂ ਸਿਆਸਤਦਾਨਾਂ ਨੇ ਆਪਣੀ ਚੌਧਰ ਸਾਬਤ ਕਰਦਿਆਂ ਆਪਸ ਵਿੱਚ ਹੀ ਖਹਿਬੜ ਪਏ। ਘਟਨਾ ਸ਼ਨੀਵਾਰ ਸਵੇਰ ਦੀ ਹੈ ਜਦ ਮੱਧ ਪ੍ਰਦੇਸ਼ ਦੇ ਧਾਰ ਹਲਕੇ ਦੇ ਇੱਕ ਪਿੰਡ ਵਿੱਚ ਪੀੜਤ ਬੱਚੀ ਦੇ ਪਰਿਵਾਰ ਨੂੰ ਮਿਲਣ ਲਈ ਸਿਆਸਤਦਾਨ ਪਹੁੰਚ ਰਹੇ ਸਨ। ਉਦੋਂ ਹਲਕੇ ਤੋਂ ਬੀਜੇਪੀ ਦੇ ਸੰਸਦ ਮੈਂਬਰ ਸਵਿੱਤਰੀ ਠਾਕੁਰ ਉੱਥੇ ਹੀ ਮੌਜੂਦ ਸੀ। ਪਹਿਲਾਂ ਕਾਂਗਰਸੀ ਵਿਧਾਇਕ ਪੀੜਤਾ ਦੇ ਪਿੰਡ ਪਹੁੰਚਿਆ ਤੇ ਇਸੇ ਦੌਰਾਨ ਪਤਾ ਲੱਗਣ 'ਤੇ ਬੀਜੇਪੀ ਦਾ ਸਥਾਨਕ ਲੀਡਰ ਵੀ ਉੱਥੇ ਪਹੁੰਚ ਗਿਆ। ਦੋਵਾਂ ਲੀਡਰਾਂ ਦਰਮਿਆਨ ਚੈੱਕ ਵੰਡਣ ਦਾ ਸਿਹਰਾ ਆਪਣੇ ਸਿਰ ਲੈਣ ਦੇ ਚੱਕਰ ਵਿੱਚ ਬਹਿਸ ਹੋ ਗਈ ਤੇ ਇਸੇ ਦੌਰਾਨ ਵਿਧਾਇਕ ਸਿੰਘਰ ਨੇ ਗੜੀਆ ਦੇ ਥੱਪੜ ਜੜ ਦਿੱਤਾ। ਮੌਕੇ 'ਤੇ ਮੌਜੂਦ ਪੁਲਿਸ ਤੇ ਸਮਰਥਕਾਂ ਨੇ ਦੋਵਾਂ ਨੂੰ ਵੱਖ ਕੀਤਾ। ਗੜੀਆ ਨੇ ਸਿੰਘਰ ਵਿਰੁੱਧ ਕੇਸ ਵੀ ਦਰਜ ਕਰਵਾ ਦਿੱਤਾ ਹੈ। ਬਾਅਦ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਬਿਜਲੀ ਵਿਭਾਗ ਨੇ ਪੀੜਤਾ ਦੇ ਪਰਿਵਾਰ ਨੂੰ ਪੰਜ ਹਜ਼ਾਰ ਦੀ ਥਾਂ 'ਤੇ ਚਾਰ ਲੱਖ ਦਾ ਮੁਆਵਜ਼ਾ ਚੈੱਕ ਜਾਰੀ ਕਰ ਦਿੱਤਾ।