ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿੱਚ ਤਿੰਨ ਖ਼ਾਲਿਸਤਾਨੀਆਂ ਨੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ। ਘਟਨਾ ਸ਼ਨੀਵਾਰ ਵਾਪਰੀ ਜਦੋਂ ਰਾਹੁਲ ਗਾਂਧੀ ਬ੍ਰਿਟੇਨ ਵਿੱਚ ਓਵਰਸੀਜ਼ ਕਾਂਗਰਸ ਯੂਕੇ ਮੈਗਾ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਸੀ। ਹਾਲਾਂਕਿ ਰਾਹੁਲ ਗਾਂਧੀ ਦੇ ਕਾਨਫਰੰਸ ਵਿੱਚ ਪੁੱਜਣ ਤੋਂ ਪਹਿਲਾਂ ਹੀ ਸਕਾਟਲੈਂਡ ਯਾਰਡ ਨੇ ਤਿੰਨਾਂ ਜਣਿਆਂ ਨੂੰ ਸਮਾਗਮ ਵਿੱਚੋਂ ਬਾਹਰ ਕੱਢ ਦਿੱਤਾ ਸੀ।

ਤਿੰਨੇ ਸਮਰਥਕ ਰਾਹੁਲ ਗਾਂਧੀ ਦੇ ਸਮਾਗਮ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾ ਰਹੇ ਸੀ। ਇਸੇ ਦੌਰਾਨ ਜਦੋਂ ਮਾਹੌਲ਼ ਥੋੜ੍ਹਾ ਗਰਮਾਉਣ ਲੱਗਾ ਤਾਂ ਕੁਝ ਲੋਕਾਂ ਨੇ ਵੀ ‘ਕਾਂਗਰਸ ਜ਼ਿੰਦਾਬਾਦ’ ਦੇ ਨਾਅਰੇ ਲਾਏ।

ਜ਼ਿਕਰਯੋਗ ਹੈ ਕਿ ਰਾਹੁਲ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਨਾਲ ਖੜ੍ਹੇ ਹਨ ਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ। ਰਾਹੁਲ ਨੇ ਲੰਦਨ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਕਿਸੇ ਖ਼ਿਲਾਫ਼ ਹਿੰਸਾ ਹੁੰਦੀ ਹੈ ਤਾਂ ਉਸ ਲਈ ਇੱਕ ਕਾਨੂੰਨੀ ਪ੍ਰਕਿਰਿਆ ਹੈ ਜੋ ਹਰ ਹਾਲ ਵਿੱਚ ਚੱਲਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦਾ 100 ਫੀਸਦੀ ਸਮਰਥਨ ਕਰਨਗੇ।