ਚੰਡੀਗੜ੍ਹ : ਜੀਂਦ ਤੋਂ ਇਨੈਲੋ ਵਿਧਾਇਕ ਤੇ ਸਮਾਜਸੇਵੀ ਹਰਿਚੰਦ ਮਿੱਡਾ ਦਾ ਦੇਰ ਰਾਤ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦੋਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਬਾਅਦ ਉਨ੍ਹਾਂ ਨੂੰ ਪੰਜ ਦਿਨ ਪਹਿਲਾਂ ਅਪੋਲੋ ਹਸਪਤਾਲ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਗੁਰਦੇ ਦੀ ਵੀ ਪਰੇਸ਼ਾਨੀ ਸੀ। ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਸੀ।


ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ 2 ਵਜੇ ਤਕ ਉਨ੍ਹਾਂ ਦੀ ਮ੍ਰਿਤਕ ਦੇਹ ਜੀਂਦ ਦੇ ਅਗਰ ਚੌਕ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਲਿਆਂਦੀ ਜਾਏਗੀ ਤੇ ਸ਼ਾਮ 5 ਵਜੇ ਜੈਯੰਤੀ ਦੇਵੀ ਮੰਦਰ ਕੋਲ ਸਥਿਤ ਮੋਕਸ਼ ਧਾਮ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਜਾਏਗਾ।

ਹਰਿਚੰਦ ਮਿੱਡਾ ਇਨੈਲੋ ਦੇ ਸਭ ਤੋਂ ਸੀਨੀਅਰ ਵਿਧਾਇਕ ਸਨ ਤੇ ਲਗਾਤਾਰ ਦੂਜੀ ਵਾਰ ਜੀਂਦ ਤੋਂ ਵਿਧਾਇਕ ਚੁਣੇ ਗਏ ਸਨ। ਉਹ ਪਿਛਲੇ 40 ਸਾਲਾਂ ਤੋਂ ਸਮਾਜ ਸੇਵਾ ਕਰ ਰਹੇ ਸਨ।  ਵਿਧਾਇਕ ਹਰਿਚੰਦ ਹਰਿਆਣਾ ਦੇ ਇੱਕੋਇੱਕ ਅਜਿਹੇ ਵਿਧਾਇਕ ਸਨ ਜੋ ਵਿਧਾਇਕ ਹੋਣ ਦੇ ਨਾਲ-ਨਾਲ ਇੱਕ ਡਾਕਟਰ ਹੋਣ ਦੇ ਨਾਤੇ ਖ਼ੁਦ ਲੋਕਾਂ ਦਾ ਇਲਾਜ ਕਰਦੇ ਸਨ।

ਡਾਕਟਰ ਹਰਿਚੰਦ ਮਿੱਡਾ ਭਾਰਤੀ ਫੌਜ ਤੋਂ ਸੇਵਾਮੁਕਤ ਸਨ ਤੇ ਸ਼ਹਿਰ ਵਿੱਚ ਸਮਾਜਸੇਵਾ ਨਾਲ ਸਬੰਧਤ ਕੰਮਾਂ ਵਿੱਚ ਸਰਗਰਮ ਰਹਿੰਦੇ ਸਨ। ਸਾਲ 2009 ਤੇ 2014 ਵਿੱਚ ਉਹ ਵਿਧਾਨਸਭਾ ਚੋਣਾਂ ਵਿੱਚ ਇਨੈਲੋ ਵੱਲੋਂ ਵਿਧਾਇਕ ਚੁਣੇ ਗਏ ਸਨ।