ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਮੰਤਰੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਉਸਦੇ ਲੰਦਨ ਵਿੱਚ 1984 ਸਿੱਖ ਨਸਲਕੁਸ਼ੀ ਬਾਰੇ ਦਿੱਤੇ ਬਿਆਨ ਤੋਂ ਬਚਾਉਣ ਲਈ ਨਿੱਤਰ ਆਏ ਹਨ। ਉਨ੍ਹਾਂ ਅਕਾਲੀਆਂ ’ਤੇ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਦੇ 1984 ਦੰਗਿਆਂ ਦੇ ਇਸ ਬਿਆਨ ਸਬੰਧੀ ਸਿਆਸਤ ਖੇਡ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਮਾਮਲਿਆਂ ਬਾਰੇ ਰਿਪੋਰਟ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਹਨ।


ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਕੁਲਜੀਤ ਨਾਗਰਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਬਾਦਲ ਪਰਿਵਾਰ, ਜਿਸ ਵਿੱਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸ਼ਾਮਲ ਹਨ, ਜਾਣ-ਬੁੱਝ ਕੇ ਰਾਹੁਲ ਗਾਂਧੀ ਦੇ ਬਿਆਨ ’ਤੇ ਸਿਆਸਤ ਕਰ ਰਹੇ ਹਨ ਤਾਂ ਕਿ ਬਰਗਾੜੀ ਕਾਂਡ ਦੇ ਮਾਮਲੇ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਤਾਂ ਸਪੱਸ਼ਟ ਤੌਰ ’ਤੇ 1984 ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਕੀਤੀ ਸੀ। ਉਨ੍ਹਾਂ ਯਾਦ ਦਵਾਇਆ ਕਿ ਸੋਨੀਆ ਗਾਂਧੀ ਨੇ ਖ਼ੁਦ ਦਰਬਾਰ ਸਾਹਿਬ ਜਾ ਕੇ ਮੁਆਫੀ ਮੰਗੀ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਇਸ ਮੁੱਦੇ ’ਤੇ ਅਫਸੋਸ ਜਤਾਇਆ ਸੀ। ਇਸ ਸਭ ਦੇ ਬਾਅਦ ਹੁਣ ਰਾਹੁਲ ਗਾਂਧੀ ਨੂੰ ਇਸ ਮੁੱਦੇ ਵਿੱਚ ਘੜੀਸਣਾ ਬੇਹੱਦ ਨਿੰਦਣਯੋਗ ਹੈ।