ਬੀਬੀਆਂ ਨੂੰ ‘ਜੱਫੀਆਂ' ਪਾ ਸਮੱਸਿਆ ਹੱਲ ਕਰਨ ਵਾਲਾ ‘ਕਿਸਿੰਗ ਬਾਬਾ’ ਕਾਬੂ


 

ਚੰਡੀਗੜ੍ਹ: ਅਸਾਮ ਦੀ ਮੋਰੀਗਾਂਵ ਪੁਲਿਸ ਨੇ ਮਹਿਲਾਵਾਂ ਨੂੰ ਗਲ ਲਾ ਕੇ ਤੇ ਚੁੰਮ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਨ ਵਾਲੇ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਮ ਪ੍ਰਕਾਸ਼ ਚੌਹਾਨ ਉਰਫ ‘ਕਿਸਿੰਗ ਬਾਬਾ’ ਨੂੰ ਪੁਲਿਸ ਨੇ ਪਿੰਡ ਭੋਰਤਾਲੁਪ ਤੋਂ ਬੀਤੀ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ। ਉਹ ਦਾਅਵਾ ਕਰ ਰਹਾ ਸੀ ਕਿ ਉਹ ਮਹਿਲਾਵਾਂ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਨੂੰ ‘ਚਮਤਕਾਰੀ ਚੁੰਮਣ’ ਨਾਲ ਠੀਕ ਕਰ ਸਕਦਾ ਹੈ।

ਇਸ ਬਾਬੇ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਭਗਵਾਨ ਵਿਸ਼ਣੂੰ ਤੋਂ ਅਧਿਆਤਮਿਕ ਸ਼ਕਤੀ ਮਿਲਦੀ ਹੈ। ਜੇ ਮਹਿਲਾਵਾਂ ਵਿਆਹੁਤਾ ਜੀਵਨ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਬਾਬੇ ਕੋਲ ਆਉਣਗੀਆਂ ਤਾਂ ਉਹ ਠੀਕ ਕਰ ਸਕਦਾ ਹੈ। ਉਸ ਨੇ ਆਪਣੇ ਘਰ ਵਿੱਚ ਹੀ ਮੰਦਰ ਬਣਾਇਆ ਹੋਇਆ ਸੀ, ਜਿੱਥੇ ਉਹ ਮਹਿਲਾਵਾਂ ਨੂੰ ਬੁਲਾ ਕੇ ਉਨ੍ਹਾਂ ਦਾ ਸੋਸ਼ਣ ਕਰਦਾ ਸੀ।

ਦੱਸਿਆ ਜਾਂਦਾ ਹੈ ਕਿ ਪਿੰਡ ਮੋਰੀਗਾਂਵ ਕਾਲੇ ਜਾਦੂ ਲਈ ਕਾਫੀ ਚਰਚਾ ਵਿੱਚ ਹੈ। ਤਿੰਨ ਮਹੀਨੇ ਪਹਿਲਾਂ ਹੀ ਕਿਸਿੰਗ ਬਾਬਾ ਨੇ ਇਹ ਕੰਮ ਸ਼ੁਰੂ ਕੀਤਾ ਤੇ ਪਿੰਡ ਦੀਆਂ ਔਰਤਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਨ੍ਹਾਂ ਦਾ ਸੋਸ਼ਣ ਕੀਤਾ।

ਪੁਲਿਸ ਨੇ ਕਿਸਿੰਗ ਬਾਬਾ ਚੌਹਾਨ ਦੀ ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਤੇ ਉਸ ਨਾਲ ਪੁੱਛਗਿੱਛ ਕੀਤੀ। ਇਸ ਦੀ ਮਾਂ ’ਤੇ ਵੀ ਆਪਣੇ ਮੁੰਡੇ ਦੀਆਂ ਅਲੌਕਿਕ ਸ਼ਕਤੀਆਂ ਦੇ ਦਾਅਵਿਆਂ ਦਾ ਪਿੰਡ ਦੀਆਂ ਔਰਤਾਂ ਵਿੱਚ ਪ੍ਰਚਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਹ ਬਾਬਾ ਪਿੰਡ ਦੀਆਂ ਮਹਿਲਾਵਾਂ ਦਾ ਸੋਸ਼ਣ ਕਰ ਰਿਹਾ ਹੈ।