ਚੰਡੀਗੜ੍ਹ: ਅੱਜ ਯਾਨੀ 25 ਅਗਸਤ ਵਾਲੇ ਪੰਚਕੁਲਾ ਵਿੱਚ ਹਿੰਸਾ ਦੀ ਘਟਨਾ ਵਾਪਰੀ ਸੀ। ਇਸ ਹਿੰਸਾ ਦੌਰਾਨ ਹਾਲਾਤ ਕਾਬੂ ਕਰਨ ਲਈ ਸੁਰੱਖਿਆ ਬਲਾਂ ਦੀ ਗੋਲ਼ੀ ਨਾਲ ਕੁੱਲ 36 ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਅੱਜ ਦੇ ਦਿਨ ਡੇਰਾ ਸਿਰਸਾ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਜੇਲ੍ਹ ਗਿਆ ਸੀ, ਜਿਸ ਦੇ ਬਾਅਦ ਬਾਬੇ ਦੇ ਪੈਰੋਕਾਰਾਂ ਨੇ ਪੰਚਕੁਲਾ ਵਿੱਚ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਘਟਨਾ ਨੂੰ ਅੱਜ ਇੱਕ ਸਾਲ ਬੀਤ ਗਿਆ ਹੈ, ਪਰ ਹੁਣ ਰਾਮ ਰਹੀਮ ਦਾ ਹਾਲ ਕਾਫੀ ਬੁਰਾ ਹੋ ਚੁੱਕਾ ਹੈ।


ਇੱਕ ਸਾਲ ਬੀਤਣ ਬਾਅਦ ਜੇਲ੍ਹ ਵਿੱਚ ਸਾਧਵੀ ਨਾਲ ਬਲਾਤਕਾਰ ਦੀ ਸਜ਼ਾ ਕੱਟ ਰਹੇ ਬਾਬਾ ਰਾਮ ਰਹੀਮ ਦੀ ਹਾਲਤ ਖਸਤਾ ਦੱਸੀ ਜਾ ਰਹੀ ਹੈ। ਬਾਬੇ ਨੂੰ ਰੋਹਤਕ ਜੇਲ੍ਹ ਵਿੱਚ 28 ਅਗਸਤ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਾਣਕਾਰੀ ਮੁਤਾਬਕ ਕੈਦੀ ਨੰਬਰ 8647 ਬਾਬ ਰਾਮ ਰਹੀਮ ਨੂੰ 10 ਫੁੱਟ ਦੀ ਬੈਰਕ ਵਿੱਚ ਰੱਖਿਆ ਗਿਆ ਹੈ। ਉਸ ਨਾਲ 5 ਕੈਦ ਹੋਰ ਵੀ ਰਹਿੰਦੇ ਹਨ। ਖਾਣਾ-ਪੀਣਾ, ਨਹਾਉਣਾ ਤੇ ਪਖ਼ਾਨਾ ਸਭ ਇਸੇ ਬੈਰਕ ਵਿੱਚ ਹੀ ਹੁੰਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਬਾਬਾ ਰਾਮ ਰਹੀਮ ਜੇਲ੍ਹ ਵਿੱਚ ਰੋਜ਼ਾਨਾ ਦੋ ਘੰਟੇ ਕੰਮ ਵੀ ਕਰਦਾ ਹੈ ਜਿਸ ਲਈ ਉਸ ਨੂੰ ਰੋਜ਼ਾਨਾ 40 ਰੁਪਏ ਦਿਹਾੜੀ ਮਿਲਦੀ ਹੈ। ਅਦਾਲਤ ਦੇ ਫੈਸਲੇ ਮੁਤਾਬਕ ਬਾਬੇ ਦੇ ਸਾਰੇ ਬੈਂਕ ਖ਼ਾਤੇ ਸੀਲ ਕੀਤੇ ਗਏ ਹਨ ਜਦੋਂ ਸੀਲ ਹਟੇਗੀ ਤਾਂ ਜੇਲ੍ਹ ਦੀ ਸਾਰੀ ਕਮਾਈ ਬਾਬੇ ਦੇ ਖਾਤੇ ਵਿੱਚ ਪਾਈ ਜਾਏਗੀ। ਟਾਈਮ ਪਾਸ ਕਰਨ ਲਈ ਬਾਬਾ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਵੀ ਪੜ੍ਹਦਾ ਹੈ ਤੇ ਰਾਤ ਨੂੰ ਅੱਧਾ ਘੰਟਾ ਟੀਵੀ ’ਤੇ ਖਬਰਾਂ ਸੁਣਦਾ ਹੈ।

ਬਾਬਾ ਰਾਮ ਰਹੀਮ ਦੀ ਅੱਧੀ ਤੋਂ ਵੱਧ ਦਾੜ੍ਹੀ ਚਿੱਟੀ ਹੋ ਚੁੱਕੀ ਹੈ। ਬਾਬਾ ਹੁਣ ਆਪਣੀ ਦਾੜ੍ਹੀ ਨੂੰ ਕਲਫ਼ ਵੀ ਨਹੀਂ ਕਰਦਾ।

ਅੱਜ ਤੋਂ ਇੱਕ ਸਾਲ ਪਹਿਲਾਂ ਜਦੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜਾ ਸੀ ਤਾਂ ਉਸ ਦਾ ਵਜ਼ਨ 106 ਕਿੱਲੋ ਸੀ, ਜੋ ਹੁਣ ਘਟ ਕੇ 92 ਕਿੱਲੋ ਰਹਿ ਗਿਆ ਹੈ। ਯਾਨੀ ਬਾਬੇ ਦੇ ਵਜ਼ਨ ਵਿੱਚ 14 ਕਿੱਲੋ ਦੀ ਕਮੀ ਆਈ ਹੈ।

ਵਜ਼ਨ ਘਟਣ ਕਰਕੇ ਬਾਬਾ ਪਹਿਲਾਂ ਨਾਲੋਂ ਜ਼ਿਆਦਾ ਫਿੱਟ ਨਜ਼ਰ ਆਉਂਦਾ ਹੈ। ਉਸ ਦੇ ਹਾਈ ਬਲੱਡ ਪਰੈਸ਼ਰ ਤੇ ਸ਼ੂਗਰ ਦੇ ਰੋਗਾਂ ਵਿੱਚ ਵੀ ਕਾਫੀ ਸੁਧਾਰ ਆਇਆ ਹੈ। ਦਵਾਈ ਦੀ ਡੋਜ਼ ਵੀ ਪਹਿਲਾਂ ਨਾਲੋਂ ਅੱਧੀ ਤੋਂ ਵੀ ਘੱਟ ਹੋ ਗਈ ਹੈ। ਬਾਬਾ ਯੋਗਾ ਵੀ ਕਰਾਦ ਹੈ।

ਬਾਬਾ ਹਰ ਸੋਮਵਾਰ ਆਪਣੇ ਕਰੀਬੀਆਂ ਨਾਲ ਮੁਲਾਕਾਤ ਕਰਦਾ ਹੈ। ਕਰੀਬੀਆਂ ਲਈ 10 ਨਾਵਾਂ ਦੀ ਸੂਚੀ ਰੱਖੀ ਗਈ ਹੈ ਜਿਸ ਵਿੱਚ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦਾ ਨਾਂ ਵੀ ਸ਼ਾਮਲ ਹੈ। ਹਾਲਾਂਕਿ, ਹਾਲੇ ਤਕ ਹਨੀਪ੍ਰੀਤ ਨਾਲ ਉਸ ਦੀ ਮੁਲਾਕਾਤ ਨਹੀਂ ਕਰਵਾਈ ਗਈ  ਹੈ। ਸੁਰੱਖਿਆ ਦੇ ਮੱਦੇਨਜ਼ਰ ਬਾਬੇ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ। ਵੀਡੀਓ ਕਾਨਫਰੰਸਿਗ ਰਾਹੀਂ ਉਸ ਦੀ ਪੇਸ਼ੀ ਹੁੰਦੀ ਹੈ।

ਰਾਮ ਰਹੀਮ ਨੂੰ ਜੇਲ੍ਹ ਵਿੱਚ ਕੋਈ ਲੰਚ ਨਹੀਂ ਦਿੱਤਾ ਜਾਂਦਾ। ਸਵੇਰੇ ਨਾਸ਼ਤੇ ਵਿੱਚ 5 ਰੋਟੀਆਂ ਤੇ ਦਾਲ ਮਿਲਦੀ ਹੈ ਤੇ ਰਾਤ ਦੇ ਖਾਣੇ ਲਈ ਵੀ ਪੰਜ ਰੋਟੀਆਂ ਨਾਲ ਮੌਸਮੀ ਸਬਜ਼ੀ ਮਿਲਦੀ ਹੈ। ਜੇਲ੍ਹ ਵਿੱਚ ਬਾਬੇ ਦੇ ਖਾਣ-ਪੀਣ ਤੇ ਰਸੋਈ ਵਿੱਚ ਵੀ CCTV ਰਾਹੀਂ ਨਜ਼ਰ ਰੱਖੀ ਜਾਂਦੀ ਹੈ।