ਨਵੀਂ ਦਿੱਲੀ: ਦੇਸ਼ ਦੇ ਕਈ ਵੱਡੇ ਅੰਦੋਲਨਾਂ ਦਾ ਗਵਾਹ ਰਹੇ ਦਿੱਲੀ ਦੇ ਰਾਮਲੀਲਾ ਮੈਦਾਨ ਦਾ ਨਾਂ ਹੁਣ ਬਦਲਿਆ ਜਾ ਸਕਦਾ ਹੈ। ਉੱਤਰੀ ਦਿੱਲੀ ਨਗਰ ਨਿਗਮ ਜਲਦ ਹੀ ਰਾਮਲੀਲਾ ਮੈਦਾਨ ਦਾ ਨਾਂ ਬਦਲ ਕੇ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਰੱਖਣ ਦੀ ਤਿਆਰੀ ਕਰ ਰਹੀ ਹੈ। ਇਸ ਬਾਬਤ ਬੀਜੇਪੀ ਦੇ 4-5 ਕੌਂਸਲਰਾਂ ਨੇ ਉੱਤਰੀ ਦਿੱਲੀ ਨਗਰ ਨਿਗਮ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ’ਤੇ 30 ਅਗਸਤ ਨੂੰ ਸਦਨ ਵਿੱਚ ਚਰਚਾ ਹੋਏਗੀ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਜੇਪੀ ਉੱਤਰ ਪ੍ਰਦੇਸ਼ ਦੇ ਮਸ਼ਹੂਰ ਰੇਲਵੇ ਸਟੇਸ਼ਨ ਮੁਗ਼ਲ ਸਰਾਏ ਜੰਕਸ਼ਨ ਦਾ ਨਾਂਅ ਬਦਲ ਕੇ ਦੀਨ ਦਿਆਲ ਉਪਾਧਿਆਏ ਦੇ ਨਾਂਅ 'ਤੇ ਰੱਖ ਚੁੱਕੀ ਹੈ।

ਜਦ ਕਿਸੇ ਥਾਂ ਦਾ ਨਾਂ ਬਦਲਣਾ ਹੁੰਦਾ ਹੈ ਤਾਂ ਇਸ ਦਾ ਇੱਕ ਪ੍ਰਸਤਾਵ ਸਬੰਧਤ ਨਗਰ ਨਿਗਮ ਦੀ 6 ਮੈਂਬਰੀ ਨੇਮਿੰਗ ਕਮੇਟੀ ਕੋਲ ਆਉਂਦਾ ਹੈ। ਮੇਅਰ ਇਸ ਦਾ ਚੇਅਰਮੈਨ ਹੁੰਦਾ ਹੈ। ਪ੍ਰਸਤਾਵ ਪੇਸ਼ ਹੋਣ ਬਾਅਦ ਕਮੇਟੀ ਪ੍ਰਸਤਾਵ ਪੇਸ਼ ਕਰਨ ਵਾਲਿਆਂ ਨੂੰ ਬੁਲਾ ਕੇ ਇਸ ਦੀ ਵਜ੍ਹਾ ਪੁੱਛਦੀ ਹੈ। ਚਰਚਾ ਬਾਅਦ ਜੇ ਨੇਮਿੰਗ ਕਮੇਟੀ ਸਭ ਕੁਝ ਸਹੀ ਪਾਉਂਦੀ ਹੈ ਤਾਂ ਫਿਰ ਕਮਿਸ਼ਨਰ ਕੋਲੋਂ ਇਸ ਸਬੰਧੀ ਰਿਪੋਰਟ ਮੰਗੀ ਜਾਂਦੀ ਹੈ। ਰਿਪੋਰਟ ਆਉਣ ਬਾਅਦ ਇੱਕ ਵਾਰ ਫਿਰ ਨੇਮਿੰਗ ਕਮੇਟੀ ਦੀ ਬੈਠਕ ਸੱਦੀ ਜਾਂਦੀ ਹੈ ਤੇ ਨਾਂ ਦੇ ਬਦਲਾਅ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ

ਇਸ ਸਬੰਧੀ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਆਦੇਸ਼ ਗੁਪਤਾ ਨੇ ਕਿਹਾ ਕਿ ਰਾਮਲੀਲਾ ਮੈਦਾਨ ਦੇ ਨਾਲ-ਨਾਲ ਹੀ ਉਨ੍ਹਾਂ ਕੋਲ ਹਿੰਦੂ ਰਾਵ ਹਸਪਤਾਲ ਦਾ ਨਾਂ ਬਦਲਾਉਣ ਦਾ ਵੀ ਪ੍ਰਸਤਾਵ ਆਇਆ ਹੈ। ਦੋਵਾਂ ਦੇ ਨਾਂ ਵਾਜਪਾਈ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਉਮੀਦ ਜਤਾਈ ਕਿ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ਮੌਕੇ ਯਾਨੀ 25 ਦਸੰਬਰ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਹੋ ਜਾਏਗੀ।

ਬੀਜੇਪੀ ਵੱਲੋਂ ਇਸ ਮੰਗ ਦੇ ਬਾਅਦ ਦੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਰਾਮਲੀਲਾ ਤੇ ਹੋਰ ਥਾਵਾਂ ਦੇ ਨਾਂ ਬਦਲ ਕੇ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਰੱਖਣ ਨਾਲ ਵੋਟਾਂ ਨਹੀਂ ਮਿਲਣਗੀਆਂ। ਭਾਜਪਾ ਨੂੰ ਪ੍ਰਧਾਨ ਮੰਤਰੀ ਦਾਂ ਹੀ ਨਾਂ ਬਦਲ ਦੇਣਾ ਚਾਹੀਦਾ ਹੈ, ਤਾਂ ਸ਼ਾਇਦ ਕੁਝ ਵੋਟਾਂ ਮਿਲ ਜਾਣ, ਕਿਉਂਕਿ ਉਨ੍ਹਾਂ ਦੇ ਆਪਣੇ ਨਾਂ ’ਤੇ ਤਾਂ ਲੋਕ ਵੋਟਾਂ ਨਹੀਂ ਦੇਣਗੇ।