ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 25 ਅਗਸਤ ਤੋਂ 2 ਸਤੰਬਰ ਤਕ 24ਵਾਂ ਦਿੱਲੀ ਪੁਸਤਕ ਮੇਲਾ ਲੱਗੇਗਾ। ਇਸ ਵਾਰ ਪੁਸਤਕ ਮੇਲੇ ਵਿੱਚ ਲਗਪਗ 120 ਪ੍ਰਕਾਸ਼ਕ ਹਿੱਸਾ ਲੈਣਗੇ। ਇੰਡੀਅਨ ਟਰੇਡ ਪ੍ਰੋਮੋਸ਼ਨ ਕੌਂਸਲ (ਆਈਟੀਪੀਓ) ਤੇ ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼ (ਐਫਆਈਪੀ) ਦੇ ਸਾਂਝੇ ਉਪਰਾਲੇ ਤਹਿਤ ਲਾਏ ਜਾ ਰਹੇ ਇਸ ਮੇਲੇ ਨਾਲ ਸਟੇਸ਼ਨਰੀ ਤੇ ਕਾਰਪੋਰੇਟ ਗਿਫਟ ਮੇਲਾ ਵੀ ਲਾਇਆ ਜਾ ਰਿਹਾ ਹੈ। ਹਰ ਰੋਜ਼ ਸਵੇਰੇ 10 ਵਜੇ ਤੋਂ ਰਾਤ 7 ਵਜੇ ਤਕ ਮੇਲੇ ਵਿੱਚ ਸ਼ਿਰਕਤ ਕੀਤੀ ਜਾ ਸਕਦੀ ਹੈ।


ਆਈਟੀਪੀਓ ਦੇ ਅਧਿਕਾਰੀਆਂ ਮੁਤਾਬਕ ਪੁਸਤਕ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰਕਾਸ਼ਕ ਭਾਗ ਲੈਣਗੇ। ਮੇਲੇ ਦੌਰਾਨ ਵੱਖ-ਵੱਖ ਸਾਹਿਕਤ ਗੋਸ਼ਟੀਆਂ, ਪੁਸਤਕ ਲੋਕ ਅਰਪਣ ਤੇ ਲੇਖਕਾਂ ਦੇ ਰੂ-ਬ-ਰੂ ਸਬੰਧੀ ਪ੍ਰੋਗਰਾਮ ਵੀ ਕਰਾਏ ਜਾਣਗੇ। ਸੂਚਨਾ ਤੇ ਪ੍ਰਸਾਰਣ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਤੇ ਮੈਗਜ਼ੀਨ ਵੀ ਇਸ ਮੇਲੇ ਵਿੱਚ ਲੋਕਾਂ ਦੀ ਖਿੱਚ ਦਾ ਕਾਰਨ ਬਣੇ ਰਹਿਣਗੇ।

ਐਪਆਈਪੀ ਦੇ ਸਾਬਕਾ ਪ੍ਰਧਾਨ ਅਸ਼ੋਕ ਗੁਪਤਾ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦਾ ਧਿਆਨ ਵੱਖ-ਵੱਖ ਕੋਰਸਾਂ ਨਾਲ ਸਬੰਧਤ ਪੁਸਤਕਾਂ ’ਤੇ ਕੇਂਦਰਿਤ ਹੈ। ਹਾਲਾਂਕਿ ਇਸ ਵਿੱਚ ਕਹਾਣੀਆਂ ਦੀਆਂ ਕਿਤਾਬਾਂ ਤੇ ਹੋਰ ਸਟਾਲ ਵੀ ਲੱਗਣਗੇ।