ਸ਼ਿਮਲਾ: ਯੂਥ ਕਾਂਗਰਸ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਹਿਮਾਚਲ ਵਿਧਾਨ ਸਭਾ ਦਾ ਘਿਰਾਓ ਕਰਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਂਗਰਸੀ ਕਾਰਕੁਨ ਇੰਨੇ ਰੋਹ 'ਚ ਆ ਗਏ ਕਿ ਪੁਲਿਸ ਵੱਲੋਂ ਲਾਏ ਗਏ ਬੈਰੀਗੇਟਾਂ 'ਤੇ ਚੜ੍ਹ ਗਏ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਕਾਂਗਰਸ ਕਾਰਕੁਨਾਂ ਨੇ ਡੰਡੇ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।


ਇਸ ਮੌਕੇ ਕਾਂਗਰਸ ਦੇ ਦਰਜਨਾਂ ਕਾਰਕੁਨ ਤੇ ਪੁਲਿਸ ਕਰਮੀਆ ਸਮੇਤ ਮੀਡੀਆ ਦੇ ਕਈ ਲੋਕ ਜ਼ਖਮੀ ਹੋ ਗਏ। ਯੂਥ ਕਾਂਗਰਸ ਦੇ ਪ੍ਰਧਾਨ ਨੇ ਦੱਸਿਆ ਕਿ ਸਾਲ 2014 ਦੀਆਂ ਚੋਣਾਂ 'ਚ ਹਿਮਾਚਲ 'ਚੋਂ ਚਾਰ ਸੰਸਦ ਮੈਂਬਰ ਜਿੱਤ ਕੇ ਸੰਸਦ 'ਚ ਪਹੁੰਚੇ ਪਰ ਹਿਮਾਚਲ ਲਈ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੇ ਸਾਰੇ ਫੈਸਲੇ ਲੋਕ ਵਿਰੋਧੀ ਹਨ, ਚਾਹੇ ਉਹ ਰਾਫੇਲ ਡੀਲ ਧੋਖਾਧੜੀ ਹੋਵੇ ਜਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਰਿਹਾ ਲਗਾਤਾਰ ਵਾਧਾ, ਕਿਸਾਨਾਂ ਦੀਆਂ ਵਧਦੀਆਂ ਆਤਮ ਹੱਤਿਆਵਾਂ ਬੇਰੁਜ਼ਗਾਰੀ ਜਿਹੇ ਸਾਰੇ ਮੁੱਦਿਆਂ 'ਤੇ ਕੇਂਦਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ।


ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਤਰਜ਼ 'ਤੇ ਹਿਮਾਚਲ 'ਚ ਵੀ ਨਸ਼ਾ ਤਸਕਰੀ 'ਤੇ ਨਕੇਲ ਕੱਸਣ ਲਈ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਹਿਮਾਚਲ 'ਚ ਦਿਨ-ਬ-ਦਿਨ ਕਾਨੂੰਨ ਵਿਵਸਥਾ ਦੇ ਵਿਗੜਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਥ ਕਾਂਗਰਸ ਦੇ ਕਾਰਕੁਨਾਂ 'ਤੇ ਦਰਜ ਝੂਠੇ ਮੁਕੱਦਮੇ ਵਾਪਸ ਲਏ ਜਾਣ।


ਇਸ ਦੌਰਾਨ ਹੋਏ ਲਾਠੀਚਾਰਜ ਦਾ ਮੁੱਦਾ ਵਿਧਾਨ ਸਭਾ 'ਚ ਵੀ ਗੂੰਜਿਆ ਤੇ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਲਾਠੀਚਾਰਜ ਦੀ ਨਿੰਦਾ ਕੀਤੀ ਜਦਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਕਾਂਗਰਸ 500 ਲੋਕਾਂ ਦਾ ਇਕੱਠ ਕਰਕੇ ਖ਼ਬਰਾਂ 'ਚ ਬਣੇ ਰਹਿਣ ਲਈ ਅਜਿਹਾ ਕਰ ਰਹੀ ਹੈ।