ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਤੋਂ ਪ੍ਰਭਾਵਿਤ ਹਨ। ਗਾਂਧੀ ਨੇ ਇਹ ਵਿਚਾਰ ਜਰਮਨੀ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਦਿੱਤੇ ਸਮਰਥਨ ਦਾ ਧੰਨਵਾਦ ਕਰਦਿਆਂ ਕਹੀ। ਗਾਂਧੀ ਨੇ ਕਿਹਾ ਕਿ ਕਾਂਗਰਸ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ 'ਤੇ ਹੀ ਕੰਮ ਕਰਦੀ ਆਈ ਹੈ। ਉਨ੍ਹਾਂ ਸਿੱਖ ਧਰਮ ਵਿੱਚ ਲੰਗਰ ਦੀ ਵੀ ਸ਼ਲਾਘਾ ਕੀਤੀ।


ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵੀ ਗੁਰੂ ਨਾਨਕ ਦੇਵ ਨਾਲ ਸਬੰਧਤ ਪਾਕਿਸਤਾਨ ਵਿੱਚ ਪੈਂਦੇ ਅਸਥਾਨ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹਵਾਉਣ ਲਈ ਕ੍ਰੈਡਿਟ ਲੈਣ ਦੀ ਦੌੜ ਮਚੀ ਹੋਈ ਹੈ। ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਤੋਂ ਉੱਠੇ ਵਿਵਾਦ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਉੱਠੀ ਸੀ ਅਤੇ ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ। ਅਜਿਹੇ ਵਿੱਚ ਰਾਹੁਲ ਗਾਂਧੀ ਵੱਲੋਂ ਗੁਰੂ ਨਾਨਕ ਦੇਵ ਜੀ ਬਾਰੇ ਬਿਆਨ ਦਿੱਤਾ ਗਿਆ ਹੈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਜੇਕਰ ਤੁਸੀਂ ਕਹੋਗੇ ਕਿ ਉਸ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹਨ ਤਾਂ ਇਹ ਗੱਲ ਸੱਚ ਹੈ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਖਰੇਵਿਆਂ ਦੇ ਬਾਵਜੂਦ ਏਕਤਾ ਦੀ ਬਾਤ ਪਾਉਂਦੇ ਸਨ ਤੇ ਇਹੋ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹੈ ਤੇ ਉਨ੍ਹਾਂ ਦੀ ਪਾਰਟੀ ਇਸੇ ਰਾਹ 'ਤੇ ਚੱਲਦੀ ਆਈ ਹੈ। ਉਨ੍ਹਾਂ ਬੀਜੇਪੀ ਤੇ ਆਰਐਸਐਸ 'ਤੇ ਦੇਸ਼ ਨੂੰ ਵੰਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਦੇਸ਼ ਵਿੱਚ ਨਫ਼ਰਤ ਤੇ ਗੁੱਸਾ ਫੈਲਾ ਰਹੇ ਹਨ।

ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਤੁਸੀਂ ਕਦੇ ਕਿਸੇ ਭਾਰਤੀ ਨੂੰ ਵਿਦੇਸ਼ੀ ਧਰਤੀ 'ਤੇ ਨਫ਼ਰਤ ਫੈਲਾਉਂਦੇ ਦੇਖਿਆ ਹੈ, ਪਰ ਸਾਡੀ ਸਰਕਾਰ ਆਪਣੇ ਹੀ ਲੋਕਾਂ ਨੂੰ ਵੰਡ ਰਹੀ ਹੈ। ਰਾਹੁਲ ਨੇ ਮੋਦੀ ਸਰਕਾਰ 'ਤੇ ਵਾਰ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਚੀਨ 24 ਘੰਟਿਆਂ ਵਿੱਚ 50,000 ਨੌਕਰੀਆਂ ਪੈਦਾ ਕਰਦਾ ਹੈ ਜਦਕਿ ਭਾਰਤ ਸਰਕਾਰ ਇੰਨੇ ਹੀ ਸਮੇਂ ਵਿੱਚ 450 ਨੌਕਰੀਆਂ ਪੈਦਾ ਕਰ ਰਹੀ ਹੈ।

ਰਾਹੁਲ ਗਾਂਧੀ ਨੇ ਕਿਸਾਨ ਖ਼ੁਦਕੁਸ਼ੀਆਂ ਬਾਰੇ ਵੀ ਮੋਦੀ ਸਰਕਾਰ ਟਤੇ ਕਈ ਵਾਰ ਕੀਤੇ। ਗਾਂਧੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੰਡ ਜੁਟਾਉਣ ਲਈ ਯੂਰਪ ਵਿੱਚ ਦੇ ਦੌਰੇ 'ਤੇ ਹਨ। ਅੱਜ ਉਹ ਲੰਡਨ ਜਾਣਗੇ ਤੇ ਲੰਡਨ ਸਕੂਲ ਆਫ ਇਕਨੌਮਿਕਸ ਵਿੱਚ ਇਕੱਠ ਨੂੰ ਸੰਬੋਧਨ ਕਰਨਗੇ।