ਵੈਨਕੂਵਰ: ਤੂਫ਼ਾਨ 'ਲੇਨ' ਤੇਜੀ ਨਾਲ ਹਵਾਈ ਵੱਲ ਵਧ ਰਿਹਾ ਹੈ। 'ਸ਼੍ਰੇਣੀ-4' ਦੇ ਇਸ ਤੂਫ਼ਾਨ ਕਾਰਨ ਹੁਣ ਹਵਾਈ ਟਾਪੂ ਵੱਲ ਆਉਣ-ਜਾਣ ਵਾਲਿਆਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਗਿਆ ਹੈ। ਖ਼ਬਰਾਂ ਹਨ ਕਿ ਵੈਨਕੂਵਰ ਤੋਂ ਹਵਾਈ ਟਾਪੂਆਂ ਵੱਲ ਜਾਣ ਵਾਲੀਆਂ ਘੱਟੋ-ਘੱਟ 4 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
'ਲੇਨ' ਤੂਫ਼ਾਨ ਕਰਕੇ ਸਥਾਨਕ ਲੋਕਾਂ ਨੇ ਤਾਂ ਪਹਿਲਾਂ ਹੀ ਘਰੇਲੂ ਜ਼ਰੂਰਤਾਂ ਦਾ ਸਮਾਨ ਖ਼ਰੀਦ ਕੇ ਘਰਾਂ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਹੈ। ਵੈਸਟ ਜੈਟ ਨੇ ਵੈਨਕੂਵਰ ਤੋਂ ਹੋਨੂਲੂਲੂ ਅਤੇ ਕਾਹੂਲੁਈ ਲਈ ਵੀਰਵਾਰ ਅਤੇ ਸ਼ੁੱਕਰਵਾਰ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਹਾਲਾਂਕਿ, ਖ਼ਬਰਾਂ ਹਨ ਕਿ 2 ਰਿਕਵਰੀ ਫਲਾਈਟਸ ਮੁਸਾਫਿਰਾਂ ਨੂੰ ਹੋਨੂੰਲੂਲੂ ਅਤੇ ਮਾਉਈ ਤੋਂ ਬਾਹਰ ਲੈਕੇ ਜਾ ਰਹੀਆਂ ਹਨ।
ਇਸ ਤੂਫ਼ਾਨ ਵਿੱਚ 157 ਮੀਲ ਪ੍ਰਤੀ ਘੰਟਾ ਤਕ ਦੀ ਰਫ਼ਤਾਰ ਨਾਲ ਹਵਾਵਾਂ ਵਗਣ ਦਾ ਅੰਦਾਜ਼ਾ ਹੈ। ਮੰਗਲਵਾਰ ਨੂੰ ਹੀ ਮੌਸਮ ਵਿਭਾਗ ਨੇ ਹਵਾਈ ਲਈ ਤੂਫ਼ਾਨ ਦੀ ਚਿਤਾਵਨੀ ਜਾਰੀ ਕਰ ਦਿੱਤੀ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ, ਤੂਫ਼ਾਨ ਦਾ ਅਸਰ ਬੁਧਵਾਰ ਤੋਂ ਹੀ ਵੇਖਣ ਨੂੰ ਮਿਲ ਸਕਦਾ ਹੈ।