ਜਕਾਰਤਾ: ਹਾਂਗਕਾਂਗ ਖ਼ਿਲਾਫ਼ ਆਪਣਾ 86 ਸਾਲ ਦਾ ਪੁਰਾਣਾ ਰਿਕਾਰਡ ਤੋੜਦਿਆਂ ਭਾਰਤ ਨੇ 26-0 ਦੇ ਸਕੋਰ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਜਾਪਾਨ ਵਿਰੁੱਧ ਵੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਜਾਪਾਨ ਨੂੰ 18ਵੀਆਂ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਪੂਲ ‘ਏ’ ਵਿੱਚ ਅੱਜ 8-0 ਨਾਲ ਹਰਾ ਕੇ ਆਪਣੀ ਜੇਤੂ ਹੈਟ੍ਰਿਕ ਪੂਰੀ ਕੀਤੀ।

ਭਾਰਤੀ ਖਿਡਾਰੀ ਐਸਵੀ ਸੁਨੀਲ ਵੱਲੋਂ ਗੋਲਾਂ ਦਾ ਖਾਤਾ ਖੋਲ੍ਹਣ ਤੋਂ ਬਾਅਦ ਦਿਲਪ੍ਰੀਤ ਸਿੰਘ, ਆਕਾਸ਼ਦੀਪ ਸਿੰਘ ਤੇ ਵਿਵੇਕ ਪ੍ਰਸਾਦ ਨੇ ਇੱਕ-ਇੱਕ ਜਦਕਿ ਰੁਪਿੰਦਰ ਪਾਲ ਸਿੰਘ ਤੇ ਮਨਦੀਪ ਸਿੰਘ ਨੇ ਦੋ-ਦੋ ਗੋਲ ਕੀਤੇ। ਭਾਰਤੀ ਟੀਮ ਦਾ ਰੱਖਿਆ ਪੱਖ ਇੰਨਾ ਮਜ਼ਬੂਤ ਰਿਹਾ ਕਿ ਜਾਪਾਨ ਇੱਕ ਵੀ ਗੋਲ ਨਾ ਕਰ ਸਕਿਆ।

ਜਾਪਾਨ ਨੂੰ ਅੱਠ ਗੋਲਾਂ ਨਾਲ ਮਾਤ ਦੇਣ ਦੇ ਨਾਲ ਹੀ ਭਾਰਤ ਨੇ ਇਸ ਟੂਰਨਾਮੈਂਟ ਵਿੱਚ 50 ਗੋਲ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਮੌਜੂਦਾ ਚੈਂਪੀਅਨ ਭਾਰਤੀ ਟੀਮ ਪੂਲ ‘ਏ’ ਵਿੱਚ ਚੋਟੀ ’ਤੇ ਪਹੁੰਚ ਗਈ ਹੈ ਅਤੇ ਉਸ ਦਾ ਸੈਮੀ ਫਾਈਨਲ ਸਥਾਨ ਲਗਪਗ ਪੱਕਾ ਹੋ ਗਿਆ ਹੈ।

ਹਾਲਾਂਕਿ, ਹਾਲੇ ਦੋ ਪੂਲ ਮੈਚ ਖੇਡੇ ਜਾਣੇ ਬਾਕੀ ਹਨ ਅਤੇ ਭਾਰਤ ਤੇ ਕੋਰੀਆ ਦੇ ਤਿੰਨ-ਤਿੰਨ ਮੈਚਾਂ ਵਿੱਚ 9-9 ਅੰਕ ਹਨ। ਕੋਰੀਆ ਤਿੰਨ ਮੈਚਾਂ ਵਿੱਚ 34 ਗੋਲ ਕਰ ਸਕੀ ਹੈ ਅਤੇ ਭਾਰਤ ਵੱਧ ਗੋਲ ਕਰਨ ਕਾਰਨ ਅੰਕ ਸੂਚੀ ਵਿੱਚ ਚੋਟੀ ’ਤੇ ਪਹੁੰਚ ਗਿਆ ਹੈ।