ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਪਕਾਉਣ ਲਈ ਛੇਤੀ ਹੀ ਐਲਪੀਜੀ ਗੈਸ ਦੀ ਬਜਾਏ ਸੀਐੱਨਜੀ ਗੈਸ ਵਰਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਾਲ ਪਹਿਲਾਂ ਗੁਜਰਾਤ ਪੈਟਰੋਲੀਅਮ ਕਾਰਪੋਰੇਸ਼ਨ ਨੂੰ ਇਸ ਸਬੰਧੀ ਮਨਜ਼ੂਰੀ ਦਿੱਤੀ ਸੀ। ਨਗਰ ਨਿਗਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ ਵੱਖ ਕੋਨਿਆਂ ਵਿੱਚ ਪਿਛਲੇ ਅੱਠ ਮਹੀਨਿਆਂ ਤੋਂ ਸੀਐਨਜੀ ਗੈਸ ਵਾਲੀਆਂ ਪਾਈਪਾਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ।

ਅੰਦਾਜ਼ੇ ਮੁਤਾਬਕ ਸ੍ਰੀ ਦਰਬਾਰ ਸਾਹਿਬ ਵਿੱਚ ਲੰਗਰ ਬਣਾਉਣ ਲਈ ਰੋਜ਼ਾਨਾ 90 ਤੋਂ 100 ਸਲੰਡਰ ਵਰਤੇ ਜਾਂਦੇ ਹਨ। ਖਾਸ ਦਿਨਾਂ ਤੇ ਤਿਉਹਾਰਾਂ ਦੇ ਦਿਨਾਂ ਵਿੱਚ ਇਹ ਗਿਣਤੀ ਦੋ ਤੋਂ ਤਿੰਨ ਗੁਣਾ ਵਧ ਜਾਂਦੀ ਹੈ। ਐੱਲਪੀਜੀ ਮਹਿੰਗੀ ਗੈਸ ਮੰਨੀ ਜਾਂਦੀ ਹੈ ਤੇ ਇਸ ਨੂੰ ਸਟੋਰ ਕਰਨ ਵਿੱਚ ਵੀ ਕਾਫੀ ਜਗ੍ਹਾ ਲੱਗਦੀ ਹੈ। ਕਮੇਟੀ ਨੂੰ ਵੱਡੀ ਗਿਣਤੀ ਵਿੱਚ ਐਲਪੀਜੀ ਗੈਸ ਦੇ ਸਿਲੰਡਰ ਸਟੋਰ ਕਰਕੇ ਰੱਖਣੇ ਪੈਂਦੇ ਸਨ ਤਾਂ ਕਿ ਲੰਗਰ ਪਕਾਉਣ ਵੇਲੇ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।

ਜਾਣਕਾਰੀ ਮੁਤਾਬਕ ਗੁਜਰਾਤ ਤੋਂ ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਤਕ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ। ਇਸ ਲਈ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਸੀਐੱਨਜੀ ਦਾ ਸਟੇਸ਼ਨ ਵੀ ਸਥਾਪਤ ਕੀਤਾ ਜਾ ਰਿਹਾ। ਇੱਥੋਂ ਹੀ ਸ੍ਰੀ ਦਰਬਾਰ ਸਾਹਿਬ ਨੂੰ ਖਾਣਾ ਪਕਾਉਣ ਲਈ ਸੀਐਨਜੀ ਗੈਸ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਅਗਲੇ ਛੇ ਮਹੀਨਿਆਂ ਵਿੱਚ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ।