ਨਵੀਂ ਦਿੱਲੀ: ਦੇਸ਼ ਭਰ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਦਿੱਲੀ-ਮੁੰਬਈ ਸਮੇਤ ਦੇਸ਼ ਦੇ ਸਾਰੇ ਸ਼ਹਿਰਾਂ 'ਚ ਅੱਜ ਫਿਰ ਤੋਂ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ ਹੈ ਪਰ ਇੱਥੇ ਹੀ ਗੱਲ ਨਹੀਂ, ਪੈਟਰੋਲ ਤੇ ਡੀਜ਼ਲ ਦੇ ਨਾਲ-ਨਾਲ ਸੀਐਨਜੀ ਦੀਆਂ ਕੀਮਤਾਂ ਵਿੱਚ ਵੀ ਜ਼ਬਰਦਸਤ ਵਾਧਾ ਹੋਇਆ ਹੈ।

ਈਂਧਨ ਦੀਆਂ ਕੀਮਤਾਂ ਵਧਣ ਕਾਰਨ ਦਿੱਲੀ-ਐਨਸੀਆਰ ਵਿੱਚ ਕੈਬ ਰਾਹੀਂ ਸਫ਼ਰ ਕਰਨਾ ਵੀ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਕੈਬ ਡਰਾਈਵਰ ਸੀਐਨਜੀ ਦੀ ਖਪਤ ਨੂੰ ਘਟਾਉਣ ਲਈ ਆਪਣੇ ਵਾਹਨਾਂ ਵਿੱਚ ਏਸੀ ਨਹੀਂ ਚਲਾ ਰਹੇ ਹਨ ਤੇ ਦੋ ਰੁਪਏ ਪ੍ਰਤੀ ਕਿਲੋਮੀਟਰ ਜਾਂ 50 ਰੁਪਏ ਪ੍ਰਤੀ ਸਵਾਰੀ ਵਸੂਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵੱਖ-ਵੱਖ ਕੈਬ ਡਰਾਈਵਰ ਆਪਣੇ ਹਿਸਾਬ ਨਾਲ ਏਸੀ ਚਲਾਉਣ ਲਈ ਵਾਧੂ ਪੈਸੇ ਲੈ ਰਹੇ ਹਨ।

ਦਿੱਲੀ-ਐੱਨਸੀਆਰ 'ਚ ਸਫਰ ਕਰਨ ਵਾਲੇ ਕਈ ਲੋਕ ਕੈਬ ਡਰਾਈਵਰਾਂ ਦੇ ਕਹਿਣ 'ਤੇ ਏਸੀ ਲਈ ਵੱਖਰੇ ਪੈਸੇ ਵੀ ਦੇ ਰਹੇ ਹਨ ਪਰ ਕਈ ਲੋਕਾਂ ਦੀ ਕੈਬ ਡਰਾਈਵਰਾਂ ਨਾਲ ਇਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਵੀ ਹੋ ਰਹੀ ਹੈ। ਡਰਾਈਵਰਾਂ ਵੱਲੋਂ ਕੈਬ ਵਿੱਚ ਏਸੀ ਚਲਾਉਣ ਲਈ ਵੱਖਰੇ ਪੈਸੇ ਮੰਗਣ ਦੀਆਂ ਸ਼ਿਕਾਇਤਾਂ ਵੀ ਜ਼ੋਰਦਾਰ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ।

ਏਸੀ ਚਲਾਉਣ ਲਈ ਵੱਖਰੇ ਪੈਸੇ ਲੈਣਾ ਨਿਯਮ ਵਿੱਚ ਨਹੀਂ
ਉਬਰ ਕੈਬ ਦੇ ਬੁਲਾਰੇ ਨੇ ਹਿੰਦੀ ਅਖਬਾਰ ਐਨਬੀਟੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਰਾਈਵਰਾਂ ਬਾਰੇ ਅਜਿਹਾ ਕੋਈ ਨਿਯਮ ਨਹੀਂ ਹੈ, ਜੋ ਕੈਬ ਵਿੱਚ ਏਸੀ ਚਲਾਉਣ ਲਈ ਵੱਖਰੇ ਪੈਸੇ ਵਸੂਲ ਰਹੇ ਹਨ। ਬੁਲਾਰੇ ਨੇ ਕਿਹਾ ਕਿ ਈਂਧਨ ਦੀ ਕੀਮਤ ਵਧਣ ਦੀ ਸੂਰਤ ਵਿੱਚ ਕੈਬ ਡਰਾਈਵਰ ਏਸੀ ਚਲਾਉਣ ਲਈ ਵਾਧੂ ਚਾਰਜ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਏਸੀ ਚਲਾਉਣ ਲਈ ਵੱਖਰੇ ਪੈਸੇ ਲੈਣਾ ਕੰਪਨੀ ਦੇ ਨਿਯਮਾਂ ਦੇ ਖ਼ਿਲਾਫ਼ ਹੈ ਤੇ ਅਜਿਹਾ ਕਰਨ ਵਾਲੇ ਡਰਾਈਵਰਾਂ ਖ਼ਿਲਾਫ਼ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

 ਕੈਬ ਡਰਾਈਵਰਾਂ ਨੇ ਦੱਸੀ ਆਪਣੀ ਸਮੱਸਿਆ
ਇਸ ਪੂਰੇ ਮਾਮਲੇ 'ਚ ਕੈਬ ਡਰਾਈਵਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਕੰਪਨੀਆਂ ਉਨ੍ਹਾਂ ਦੇ ਮੁਨਾਫੇ 'ਚ ਕੋਈ ਕਟੌਤੀ ਨਹੀਂ ਕਰ ਰਹੀਆਂ ਹਨ। ਅਜਿਹੇ 'ਚ ਕੈਬ ਡਰਾਈਵਰਾਂ 'ਤੇ ਬੋਝ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਵਾਧੂ ਬੋਝ ਦੀ ਭਰਪਾਈ ਕਰਨ ਲਈ ਕੈਬ ਵਿੱਚ ਏਸੀ ਨਹੀਂ ਚਲਾ ਰਹੇ ਹਨ ਜਾਂ ਏਸੀ ਚਲਾਉਣ ਲਈ ਵੱਖਰੇ ਪੈਸੇ ਲੈ ਰਹੇ ਹਨ।

ਤੇਜ਼ੀ ਨਾਲ ਵੱਧ ਰਹੀਆਂ ਹਨ ਸੀਐਨਜੀ ਦੀਆਂ ਕੀਮਤਾਂ  
ਦੱਸ ਦੇਈਏ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਾਲ-ਨਾਲ ਸੀਐਨਜੀ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਬੁੱਧਵਾਰ 6 ਅਪ੍ਰੈਲ ਨੂੰ ਇੱਕ ਵਾਰ ਫਿਰ ਸੀਐਨਜੀ ਮਹਿੰਗੀ ਹੋ ਗਈ, ਜਿਸ ਤੋਂ ਬਾਅਦ ਦਿੱਲੀ ਵਿੱਚ ਸੀਐਨਜੀ ਦੀ ਕੀਮਤ 66.61 ਰੁਪਏ, ਨੋਇਡਾ ਅਤੇ ਗਾਜ਼ੀਆਬਾਦ ਵਿੱਚ 69.18 ਰੁਪਏ, ਮੁਜ਼ੱਫਰਨਗਰ ਅਤੇ ਮੇਰਠ ਵਿੱਚ 73.86 ਰੁਪਏ, ਗੁਰੂਗ੍ਰਾਮ ਵਿੱਚ 74.94 ਰੁਪਏ, ਰੇਵਾੜੀ ਵਿੱਚ 77.07 ਰੁਪਏ, ਕਰਨਾਲ ਅਤੇ ਕੈਥਲ ਵਿੱਚ 75.27 ਰੁਪਏ ਹੋ ਗਈ। ਕਾਨਪੁਰ ਅਤੇ ਫਤਿਹਪੁਰ 78.40 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।