ਮੁੰਬਈ: ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਦੀ ਲੋਕਲ ਰੇਲ ਦੇ ਪੁਰਸ਼ਾਂ ਵਾਲੇ ਡੱਬੇ ਵਿੱਚ ਸੱਪ ਦਿਖਣ ਨਾਲ ਖਲਬਲੀ ਮੱਚ ਗਈ। ਸੱਪ ਸਿਰ ਦੇ ਉੱਪਰ ਲੱਗੇ ਹੈਂਡਲ ਨਾਲ ਲਮਕਿਆ ਹੋਇਆ ਸੀ। ਸੱਪ ਸਵੇਰੇ ਕਰੀਬ 8.33 ਵਜੇ ਟਿਟਵਾਲਾ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਦੀ ਲੋਕਲ ਰੇਲ ਵਿੱਚ ਠਾਣੇ ਸਟੇਸ਼ਨ ਪਹੁੰਚਣ ਦੌਰਾਨ ਵੇਖਿਆ ਗਿਆ। ਭੀੜ ਭਰੇ ਡੱਬੇ ਵਿੱਚ ਸੱਪ ਦਿਖਣ ਨਾਲ ਲੋਕਾਂ ਵਿੱਚ ਹਫਰਾ ਤਫਰੀ ਮੱਚ ਗਈ। ਕਈ ਲੋਕਾਂ ਨੇ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ। ਇਸ ਬਾਅਦ ਰੇਲ ਨੂੰ ਠਾਣੇ ਸਟੇਸ਼ਨ ’ਤੇ ਰੋਕਿਆ ਗਿਆ ਤੇ ਡੱਬੇ ਨੂੰ ਖਾਲੀ ਕਰਾਇਆ ਗਿਆ। ਰੇਲ ਅਧਿਕਾਰੀਆਂ ਤੇ ਪੁਲਿਸ ਨੇ ਸੱਪ ਨੂੰ ਫੜਿਆ ਤੇ ਉਸ ਨੂੰ ਦੂਰ ਕਿਸੇ ਸੁਰੱਖਿਅਤ ਥਾਂ ਤੇ ਛੱਡ ਆਏ। ਇਸ ਘਟਨਾ ਦੀ ਵਜ੍ਹਾ ਕਰ ਕੇ ਸਵੇਰੇ ਕਈ ਰੇਲਾਂ ਦੇਰੀ ਨਾਲ ਚੱਲੀਆਂ। ਸੋਸ਼ਲ ਮੀਡੀਆ ’ਤੇ ਇਸ ਘਟਨਾ ਤੇ ਸੱਪ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਸੈਂਟਰਲ ਰੇਲ ਦੇ ਮੁੱਖ ਬੁਲਾਰੇ ਸੁਨੀਲ ਉਦਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਕ ਕਿਸੇ ਦੀ ਸ਼ਰਾਰਤ ਦਾ ਮਾਮਲਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸੁਰੱਖਿਆ ਬਲ ਇਸ ਘਟਨਾ ਸਬੰਧੀ ਜਾਂਚ ਕਰ ਰਹੇ ਹਨ।