ਨਵੀਂ ਦਿੱਲੀ: ਭਾਰਤ ਸਰਕਾਰ ਤੇ ਬੀਜੇਪੀ ਤੋਂ ਬਾਅਦ ਟਵਿਟਰ ਹੁਣ ਪ੍ਰਮੁੱਖ ਵਿਰੋਧੀ ਦਲ ਯਾਨੀ ਕਾਂਗਰਸ ਦੇ ਨਿਸ਼ਾਨੇ 'ਤੇ ਆ ਗਿਆ ਹੈ। ਰੇਪ ਪੀੜਤਾ ਦੇ ਮਾਪਿਆਂ ਦੀ ਤਸਵੀਰ ਟਵੀਟ ਕਰਨ 'ਤੇ ਟਵਿਟਰ ਵੱਲੋਂ ਰਾਹੁਲ ਗਾਂਧੀ ਦੇ ਅਕਾਊਂਟ 'ਤੇ ਲਾਈ ਅਸਥਾਈ ਪਾਬੰਦੀ ਤੋਂ ਕਾਂਗਰਸ ਨਰਾਜ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਖਾਤੇ 'ਤੇ ਕੀਤੀ ਇਸ ਕਾਰਵਾਈ ਦੇ ਦੋ ਦਿਨ ਬਾਅਦ ਪਾਰਟੀ ਦੇ ਵੱਡੇ ਲੀਡਰਾਂ ਨੇ ਟਵਿਟਰ ਦੀ ਆਲੋਚਨਾ ਕੀਤੀ ਹੈ।
ਇਸ ਦੇ ਨਾਲ ਹੀ ਇਲਜ਼ਾਮ ਲਾਇਆ ਕਿ ਅਜਿਹਾ ਮੋਦੀ ਸਰਕਾਰ ਦੇ ਦਬਾਅ 'ਚ ਆ ਕੇ ਕੀਤਾ ਗਿਆ। ਉੱਥੇ ਹੀ ਸੋਮਵਾਰ ਕਾਂਗਰਸ ਦੇ ਨੌਜਵਾਨ ਤੇ ਵਿਦਿਆਰਥੀ ਸੰਗਠਨ ਨੇ ਟਵਿਟਰ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ ਦਿੱਲੀ ਕੈਂਟ ਦੇ ਨਾਲ ਲੱਗਦੇ ਇਲਾਕੇ 'ਚ ਨਾਬਾਲਗ ਦਲਿਤ ਬੱਚੀ ਦੀ ਕਥਿਤ ਤੌਰ 'ਤੇ ਰੇਪ ਤੋਂ ਬਾਅਦ ਹੱਤਿਆ ਮਗਰੋਂ ਪਰਿਵਾਰ ਤੇ ਸਥਾਨਕ ਲੋਕਾਂ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ ਨੇ ਨਿਆਂ ਦੀ ਮੰਗ ਕਰਦਿਆਂ ਬੱਚੀ ਦੇ ਮਾਪਿਆਂ ਦੇ ਨਾਲ ਆਪਣੀ ਤਸਵੀਰ ਟਵੀਟ ਕੀਤੀ ਸੀ। ਰਾਹੁਲ ਗਾਂਧੀ ਦੇ ਟਵੀਟ ਖਿਲਾਫ ਰਾਸ਼ਟਰੀ ਬਾਲ ਕਮਿਸ਼ਨ ਦੀ ਸ਼ਿਕਾਇਤ ਤੋਂ ਬਾਅਦ ਟਵਿਟਰ ਨੇ ਨਾ ਸਿਰਫ਼ ਰਾਹੁਲ ਗਾਂਧੀ ਦਾ ਟਵੀਟ ਹਟਾ ਦਿੱਤਾ ਸਗੋਂ ਉਨ੍ਹਾਂ ਦੇ ਅਕਾਊਂਟੇ 'ਤੇ ਵੀ ਅਸਥਾਈ ਰੋਕ ਲਾ ਦਿੱਤੀ।
ਟਵਿਟਰ ਜ਼ਰੀਏ ਰੋਜ਼ਾਨਾ ਮੋਦੀ ਸਰਕਾਰ 'ਤੇ ਹਮਲਾ ਕਰਨ ਵਾਲੇ ਰਾਹੁਲ ਗਾਂਧੀ ਪਾਬੰਦੀ ਕਾਰਨ ਦੋ ਦਿਨਾਂ ਤੋਂ ਟਵੀਟ ਨਹੀਂ ਕਰ ਸਕੇ। ਸ਼ਨੀਵਾਰ ਦੇਰ ਸ਼ਾਮ ਕਾਂਗਰਸ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਨਾਲ ਹੀ ਦੱਸਿਆ ਸੀ ਕਿ ਬਹਾਲੀ ਦੀ ਪ੍ਰਕਿਰਿਆ ਜਾਰੀ ਹੈ। ਪਰ ਸਮਾਂ ਬੀਤਣ ਦੇ ਨਾਲ ਕਾਂਗਰਸ ਦੇ ਤੇਵਰ ਸਖਤ ਹੋ ਗਏ ਹਨ। ਪਾਰਟੀ ਦੇ ਲੀਡਰਾਂ ਨੇ ਟਵਿਟਰ ਤੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਉੱਥੇ ਹੀ ਕਾਂਗਰਸ ਕਾਰਕੁੰਨਾ ਨੇ 'ਮੈਂ ਵੀ ਰਾਹੁਲ' ਦਾ ਟ੍ਰੈਂਡ ਚਲਾਇਆ।
ਕਾਂਗਰਸ ਨੇ ਇਹ ਵੀ ਸਵਾਲ ਚੁੱਕਿਆ ਕਿ ਪੀੜਤ ਪਰਿਵਾਰ ਦੀ ਤਸਵੀਰ ਸ਼ੇਅਰ ਕਰਨ 'ਤੇ ਰਾਹੁਲ ਗਾਂਧੀ 'ਤੇ ਤਾਂ ਕਾਰਵਾਈ ਹੋਈ। ਪਰ ਕੁਝ ਉਵੇਂ ਦੀ ਹੀ ਤਸਵੀਰ ਰਾਸ਼ਟਰੀ ਅਨੁਸੂਚਿਤ ਕਮਿਸ਼ਨ ਵੱਲੋਂ ਵੀ ਸਾਂਝੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।