ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਔਖੀ ਹਾਲਤ ਦਾ ਸਾਹਮਣਾ ਕਰਨ ਪੈ ਰਿਹਾ ਹੈ। ਚੋਣਾਂ ਦੇ ਮਾਹੌਲ ਵਿੱਚ ਵਿਰੋਧੀ ਧਿਰ ਕਾਂਗਰਸ ਨੂੰ ਘੇਰਨ ਲਈ ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਵੱਲੋਂ ਪਰਿਵਾਰਕ ਛੁੱਟੀਆਂ ਮੌਕੇ ਜੰਗੀ ਬੇੜੇ ਆਈਐਨਐਸ ਵਿਰਾਟ ਨੂੰ ‘ਨਿੱਜੀ ਟੈਕਸੀ’ ਵਜੋਂ ਵਰਤਿਆ ਸੀ। ਦੂਜੇ ਪਾਸੇ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਐਲ ਰਾਮਦਾਸ ਨੇ ਇਸ ਨੂੰ ਗਲਤ ਦਾਅਵਾ ਕਰਾਰ ਦਿੱਤਾ ਹੈ।


ਸਾਬਕਾ ਨੇਵੀ ਕਮਾਂਡਰ ਐਲ ਰਾਮਦਾਸ ਨੇ ਕਿਹਾ ਕਿ ਉਹ ਛੁੱਟੀਆਂ ਮਨਾਉਣ ਲਈ ਬਲਕਿ ਸਰਕਾਰੀ ਦੌਰੇ 'ਤੇ ਗਏ ਸੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਉਨ੍ਹਾਂ ਦੀ ਪਤਨੀ ਸੋਨੀਆ ਗਾਂਧੀ ਸਾਰੇ ਅਧਿਕਾਰਤ ਨੇਮਾਂ ਦਾ ਪਾਲਣ ਕਰਦਿਆਂ ਬੇੜੇ ’ਤੇ ਗਏ ਸੀ। ਇਸ ਦੇ ਨਾਲ ਹੀ 1987 ਵਿੱਚ ਗਾਂਧੀ ਦੀ ਅਧਿਕਾਰਤ ਫੇਰੀ ਮੌਕੇ ਜੰਗੀ ਬੇੜੇ ਦੀ ਅਗਵਾਈ ਕਰ ਰਹੇ ਵਾਈਸ ਐਡਮਿਰਲ (ਸੇਵਾ ਮੁਕਤ) ਵਿਨੋਦ ਪਸਰੀਚਾ ਨੇ ਕਿਹਾ ਕਿ ਗਾਂਧੀ ਨੇ ਉਸ ਮੌਕੇ ਸਾਰੇ ਨੇਮਾਂ ਦੀ ਪਾਲਣਾ ਕੀਤੀ ਸੀ ਤੇ ਇਸ ਮੌਕੇ ਕੋਈ ਵਿਦੇਸ਼ੀ ਜਾਂ ਹੋਰ ਮਹਿਮਾਨ ਬੇੜੇ ’ਤੇ ਮੌਜੂਦ ਨਹੀਂ ਸੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪਲਟਵਾਰ ਕਰਦਿਆਂ ਕਾਂਗਰਸ ਨੇ ਕਿਹਾ ਉਹ ਖੁ਼ਦ ‘ਝੂਠ ਦੀ ਪੰਡ’ ਹਨ ਤੇ ਉਨ੍ਹਾਂ ਭਾਰਤੀ ਹਵਾਈ ਸੈਨਾ ਦੇ ਜੈੱਟਾਂ ਨੂੰ ‘ਆਪਣੀ ਮਾਲਕੀ ਵਾਲੀ ਟੈਕਸੀ’ ਬਣਾ ਛੱਡਿਆ ਹੈ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਭਾਰਤੀ ਜਲਸੈਨਾ ਦੇ ਸੇਵਾ ਮੁਕਤ ਵਾਈਸ ਐਡਮਿਰਲ ਵਿਨੋਦ ਪਸਰੀਚਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਾਬਕਾ ਅਧਿਕਾਰੀ ਸਪਸ਼ਟ ਕਰ ਚੁੱਕਾ ਹੈ ਕਿ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਆਈਐਨਐਸ ਵਿਰਾਟ ਦੀ ਉਹ ਫੇਰੀ ਅਧਿਕਾਰਤ ਸੀ ਤੇ ਉਹ ਛੁੱਟੀ ’ਤੇ ਨਹੀਂ ਸਨ।

ਕਾਂਗਰਸ ਨੇ ਕਿਹਾ ਮੋਦੀ ਨੂੰ ਤੱਥਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕੋਲ ਆਪਣੀਆਂ ਉਪਲੱਬਧੀਆਂ ਬਾਰੇ ਕਹਿਣ ਲਈ ਕੁਝ ਨਹੀਂ। ਰਾਹੁਲ ਗਾਂਧੀ (ਕਾਂਗਰਸ ਪ੍ਰਧਾਨ) ਰਾਫ਼ਾਲ ਕਰਾਰ, ਨੋਟਬੰਦੀ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ’ਤੇ ਵਿਚਾਰ-ਚਰਚਾ ਲਈ ਪਿਛਲੇ ਛੇ ਮਹੀਨਿਆਂ ਤੋਂ ਆਖ ਰਹੇ ਹਨ ਪਰ ਮੋਦੀ ਕੋਲ ਬੋਲਣ ਤਕ ਦੀ ਹਿੰਮਤ ਨਹੀਂ।