Congress Candidates List 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ 7 ਮਾਰਚ ਨੂੰ ਹੋਈ ਮੀਟਿੰਗ ਵਿੱਚ ਕਈ ਵੱਡੇ ਨਾਵਾਂ ਦਾ ਫੈਸਲਾ ਕੀਤਾ ਗਿਆ। ਕਾਂਗਰਸ ਨੇ ਸ਼ੁੱਕਰਵਾਰ (8 ਮਾਰਚ) ਨੂੰ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।






ਕਾਂਗਰਸ ਦੀ ਪਹਿਲੀ ਸੂਚੀ ਵਿੱਚ 39 ਨਾਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਵਾਇਨਾਡ ਤੋਂ ਰਾਹੁਲ ਗਾਂਧੀ, ਤਿਰੂਵਨੰਤਪੁਰਮ ਤੋਂ ਸ਼ਸ਼ੀ ਥਰੂਰ, ਰਾਜਨੰਦਗਾਓਂ ਤੋਂ ਭੁਪੇਸ਼ ਬਘੇਲ, ਮੇਘਾਲਿਆ ਤੋਂ ਵਿਨਸੈਂਟ ਪਾਲਾ ਅਤੇ ਤ੍ਰਿਪੁਰਾ ਪੱਛਮੀ ਤੋਂ ਆਸ਼ੀਸ਼ ਸਾਹਾ ਦੇ ਨਾਂ ਸਾਹਮਣੇ ਆਏ ਹਨ। ਕਾਂਗਰਸ ਦੇ 39 ਉਮੀਦਵਾਰਾਂ ਦੀ ਇਸ ਪਹਿਲੀ ਸੂਚੀ ਵਿੱਚ 15 ਉਮੀਦਵਾਰ ਜਨਰਲ ਵਰਗ ਦੇ ਹਨ, ਜਦਕਿ 24 ਉਮੀਦਵਾਰ ਪੱਛੜੇ, ਦਲਿਤ, ਆਦਿਵਾਸੀ ਅਤੇ ਘੱਟ ਗਿਣਤੀ ਵਰਗ ਦੇ ਹਨ।


ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਜਪਾ ਨੇ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ 'ਚ ਯੂਪੀ, ਦਿੱਲੀ, ਰਾਜਸਥਾਨ ਸਮੇਤ ਸਾਰੇ ਸੂਬਿਆਂ ਦੇ ਉਮੀਦਵਾਰਾਂ ਦੇ ਨਾਂਅ ਸ਼ਾਮਲ ਸਨ। ਪਹਿਲੀ ਸੂਚੀ ਵਿੱਚ ਵਾਰਾਣਸੀ ਤੋਂ ਪੀਐਮ ਮੋਦੀ, ਗਾਂਧੀਨਗਰ ਤੋਂ ਅਮਿਤ ਸ਼ਾਹ, ਲਖਨਊ ਤੋਂ ਰਾਜਨਾਥ ਸਿੰਘ ਸਮੇਤ ਕਈ ਦਿੱਗਜਾਂ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਹੁਣ ਭਾਜਪਾ ਆਉਣ ਵਾਲੇ ਦਿਨਾਂ ਵਿੱਚ ਆਪਣੀ ਦੂਜੀ ਸੂਚੀ ਵੀ ਜਾਰੀ ਕਰ ਸਕਦੀ ਹੈ।


ਚੋਣ ਕਮਿਸ਼ਨ ਕੁਝ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਆਮ ਚੋਣਾਂ ਅਪ੍ਰੈਲ-ਮਈ ਵਿੱਚ ਹੋ ਸਕਦੀਆਂ ਹਨ। ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਵੀ ਅਪ੍ਰੈਲ ਅਤੇ ਮਈ ਵਿੱਚ ਹੋਈਆਂ ਸਨ, ਜਿਸ ਵਿੱਚ ਕੁੱਲ ਸੱਤ ਪੜਾਵਾਂ ਵਿੱਚ ਵੋਟਿੰਗ ਹੋਈ ਸੀ। ਉਦੋਂ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਅਤੇ ਐਨਡੀਏ ਦੀ ਸਰਕਾਰ ਬਣੀ ਸੀ। ਇਸ ਵਾਰ ਰਾਸ਼ਟਰੀ ਪੱਧਰ 'ਤੇ ਭਾਜਪਾ ਦੇ ਖਿਲਾਫ ਇੰਡੀਆ ਗਠਜੋੜ ਬਣਾਇਆ ਗਿਆ ਹੈ, ਜਿਸ 'ਚ ਕਾਂਗਰਸ, ਆਮ ਆਦਮੀ ਪਾਰਟੀ, ਸਪਾ ਸਮੇਤ ਕਈ ਪਾਰਟੀਆਂ ਸ਼ਾਮਲ ਹਨ।