ਨਵੀਂ ਦਿੱਲੀ: ਕਰਨਾਟਕ ਵਿਧਾਨ ਸਭਾ ਨਤੀਜਿਆਂ ਤੋਂ ਬਾਅਦ ਕਾਂਗਰਸੀ ਵਿਧਾਇਕ ਬਗਾਵਤ 'ਤੇ ਉੱਤਰ ਆਏ ਹਨ। ਕਾਂਗਰਸ ਦੇ ਸੱਤ ਵਿਧਾਇਕ ਬੀਜੇਪੀ ਦੇ ਸੰਪਰਕ 'ਚ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮੌਕਾ ਸਾਂਭਣ ਲਈ ਕਾਂਗਰਸ ਇਨ੍ਹਾਂ ਵਿਧਾਇਕਾਂ ਨੂੰ ਕਰਨਾਟਕ ਤੋਂ ਬਾਹਰ ਭੇਜ ਸਕਦੀ ਹੈ। ਖਬਰ ਹੈ ਕਿ ਕਾਂਗਰਸੀ ਵਿਧਾਇਕ ਪੰਜਾਬ ਸ਼ਿਫਟ ਕੀਤੇ ਜਾ ਸਕਦੇ ਹਨ।


 

ਜ਼ਿਕਰਯੋਗ ਹੈ ਕਿ ਬੀਐਸ ਯੇਦਯਰੱਪਾ ਨੇ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਹਾਲਾਕਿ ਬੀਜੇਪੀ ਨੇ ਕਿਹਾ ਕਿ ਉਹ ਸਦਨ 'ਚ ਬਹੁਮਤ ਸਾਬਤ ਕਰੇਗੀ। ਦੱਸ ਦਈਏ ਕਿ ਕਾਂਗਰਸ ਨੇ ਜੇਡੀਐਸ ਨਾਲ ਗਠਜੋੜ ਦਾ ਐਲਾਨ ਕਰ ਦਿੱਤਾ ਹੈ।

ਦੂਜੇ ਪਾਸੇ ਬੀਜੇਪੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਰਾਜਪਾਲ ਵਜੂਭਾਈ ਵਾਲਾ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਪਹੁੰਚੇ। ਬੀਜੇਪੀ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਪਾਰਟੀ ਹੋਣ ਕਰਕੇ ਸਾਨੂੰ ਪਹਿਲਾਂ ਮੌਕਾ ਮਿਲਣਾ ਚਾਹੀਦਾ ਹੈ।

ਸਰਕਾਰ ਬਣਾਉਣ ਲਈ ਕਾਂਗਰਸੀ ਫਾਰਮੂਲਾ

ਕਰਨਾਟਕ ਵਿੱਚ ਕਾਂਗਰਸ ਦੇ ਫਾਰਮੂਲੇ ਮੁਤਾਬਕ ਮੁੱਖ ਮੰਤਰੀ ਜੇਡੀਐਸ ਦਾ ਹੋਵੇਗਾ ਤੇ ਉਪ ਮੁੱਖ ਮੰਤਰੀ ਕਾਂਗਰਸ ਦਾ ਹੋਵੇਗਾ। ਸੂਤਰਾਂ ਮੁਤਾਬਕ ਮੰਤਰੀ ਮੰਡਲ ਦੀ ਵੰਡ ’ਤੇ ਵੀ ਸਭ ਕੁਝ ਸਾਫ਼ ਹੋ ਗਿਆ ਹੈ। ਮੰਤਰੀ ਮੰਡਲ ਵਿੱਚ ਕਾਂਗਰਸ ਨੂੰ 20 ਤੇ ਜੇਡੀਐਸ ਨੂੰ 14 ਮੰਤਰੀ ਮਿਲ ਸਕਦੇ ਹਨ।

ਜੇਡੀਐਸ ਨੇ ਕਾਂਗਰਸ ਦਾ ਪ੍ਰਸਤਾਵ ਸਵੀਕਾਰਿਆ

ਜੇਡੀਐਸ ਦੇ ਬੁਲਾਰੇ ਤਨਵੀਰ ਅਹਿਮਦ ਨੇ ਕਿਹਾ ਕਿ ਜਨਤਾ ਚਾਹੁੰਦੀ ਸੀ ਕਿ ਜੇਡੀਐਸ ਸਰਕਾਰ ਵਿੱਚ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਸਾਤਵ ਨੂੰ ਉਨ੍ਹਾਂ ਦੇ ਸੀਨੀਅਰ ਲੀਡਰਾਂ ਨੇ ਸਵੀਕਾਰ ਕਰ ਲਿਆ ਹੈ। ਜੇਡੀਐਸ ਨੇ ਦਾਅਵਾ ਕੀਤਾ ਹੈ ਕਿ 18 ਮਈ ਨੂੰ ਉਹ ਸਹੁੰ ਚੁੱਕਣਗੇ।