ਨਵੀਂ ਦਿੱਲੀ: ਕਰਨਾਟਕ ਨਤੀਜਿਆਂ 'ਚ ਬਹੁਮਤ ਦਾ ਮੁੱਦਾ ਖੜ੍ਹਾ ਹੋਣ ਦੇ ਖਦਸ਼ੇ 'ਚ ਕਾਂਗਰਸ ਵੱਡਾ ਦਾਅ ਖੇਡਣ ਦੇ ਰੌਂਅ 'ਚ ਹੈ। ਸੂਤਰਾਂ ਮੁਤਾਬਕ ਕਾਂਗਰਸ ਨੇ ਬੀਜੇਪੀ ਦੇ ਰਾਹ 'ਚ ਅੜਿੱਕਾ ਡਾਹੁੰਦਿਆਂ ਬਿਨਾ ਸ਼ਰਤ ਜੇਡੀਐਸ ਨੂੰ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ।


 

ਕਾਂਗਰਸ ਜੇਡੀਐਸ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਕਬੂਲ ਕਰਨ ਲਈ ਤਿਆਰ ਹੈ। ਜਦਕਿ ਉੱਪ ਮੁੱਖ ਮੰਤਰੀ ਕਾਂਗਰਸ ਦਾ ਹੋਵੇਗਾ। ਕਾਂਗਰਸ ਤੇ ਜੇਡੀਐਸ ਚ ਮੰਤਰੀ ਮੰਡਲ ਨੂੰ ਲੈਕੇ ਵੀ ਸਭ ਕੁੱਝ ਸਾਫ ਹੋ ਗਿਆ ਹੈ। ਮੰਤਰੀ ਮੰਡਲ 'ਚ ਕਾਂਗਰਸ ਦੇ 20 ਜਦਕਿ ਜੇਡੀਐਸ ਨੂੰ 14 ਮੰਤਰੀ ਮਿਲ ਸਕਦੇ ਹਨ।

ਉੱਧਰ ਕਾਂਗਰਸ ਤੇ ਜੇਡੀਐਸ ਦੇ ਗਠਜੋੜ ਨੂੰ ਲੈਕੇ ਬੀਜੇਪੀ ਚ ਹਲਚਲ ਸ਼ੁਰੂ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਕਰਨਾਟਕ ਚੋਣ ਨਤੀਜਿਆਂ 'ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਕਾਂਗਰਸ 76, ਜੇਡੀਐਸ 39 ਤੇ ਬੀਜੇਪੀ 104 ਸੀਟਾਂ 'ਤੇ ਅੱਗੇ ਜਾ ਰਹੀ ਹੈ। ਜਦਕਿ ਕਰਨਾਟਕ 'ਚ ਬਹੁਮਤ ਦਾ ਅੰਕੜਾ 113 ਹੈ।

ਹਾਲਾਕਿ ਕਾਂਗਰਸ ਦਾ ਬੀਜੇਪੀ ਦੇ ਰਾਹ 'ਚ ਅੜਿੱਕਾ ਡਾਹੁਣ ਦਾ ਦਾਅ ਕਿੰਨ੍ਹਾ ਕੁ ਕਾਮਯਾਬ ਰਹੇਗਾ ਇਹ ਕਹਿਣਾ ਅਜੇ ਮੁਸ਼ਕਲ ਹੈ।