ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰ ਮੁੱਦੇ ਉੱਪਰ ਘੇਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀ ਸਮ੍ਰਿਤੀ ਇਰਾਨੀ ਖੁਦ ਹੀ ਘਪਲੇ 'ਚ ਘਿਰ ਗਈ ਹੈ। ਕਾਂਗਰਸ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ‘ਤੇ ਐਮਪੀ ਫੰਡ ਨੂੰ ਲੈ ਕੇ ਗੰਭੀਰ ਵਿੱਤੀ ਬੇਨੇਮੀਆਂ ਦੇ ਇਲਜ਼ਾਮ ਲਾਏ ਹਨ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦੇਣ। ਪਾਰਟੀ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਸਮ੍ਰਿਤੀ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਵੀ ਮਾਮਲਾ ਦਰਜ ਕੀਤਾ ਜਾਵੇ।

ਕਾਂਗਰਸ ਦੇ ਸੀਨੀਅਰ ਲੀਡਰ ਸ਼ਕਤੀ ਸਿੰਘ ਗੋਹਿਲ ਨੇ ਕਿਹਾ, “ਐਪਪੀ ਫੰਡ ਨੂੰ ਲੈ ਕੇ ਸਾਫ਼ ਦਿਸ਼ਾ-ਨਿਰਦੇਸ਼ ਹੈ ਕਿ ਤੁਸੀਂ ਕਾਨਟ੍ਰੈਕਟ ਕਿਸੇ ਨੂੰ ਵੀ ਦੇ ਸਕਦੇ ਹੋ, ਪਰ ਐਗਜ਼ੀਕਿਊਸ਼ਨ ਏਜੰਸੀ ਸਰਕਾਰ ਹੁੰਦੀ ਹੈ। ਸਮ੍ਰਿਤੀ ਨੇ ਫੋਨ ਕਰਕੇ ਸ਼ਾਰਦਾ ਮਜ਼ਦੂਰ ਕਾਮਦਾਰ ਸਹਿਕਾਰੀ ਮੰਡਲੀ ਨਾਂ ਦੀ ਸਹਿਕਾਰੀ ਸੰਸਥਾ ਨੂੰ ਐਗਜ਼ੀਕਿਊਸ਼ਨ ਦਾ ਕਾਨਟ੍ਰੈਕਟ ਦਿੱਤਾ। ਇਹ 50 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦਾ ਪਰ ਸਮ੍ਰਿਤੀ ਨੇ ਸੰਸਥਾ ਨੂੰ ਛੇ ਕਰੋੜ ਰੁਪਏ ਦਿੱਤੇ ਹਨ।

ਇਸ ਦੇ ਨਾਲ ਹੀ ਗੋਹਿਲ ਦਾ ਕਹਿਣਾ ਹੈ, “ਚੋਣਾਂ ਨਜ਼ਦੀਕ ਹਨ ਤੇ ਜੇਕਰ ਥੋੜ੍ਹੀ ਨੈਤਿਕਤਾ ਬਚੀ ਹੈ ਤਾਂ ਸਮ੍ਰਿਤੀ ਅਸਤੀਫਾ ਦੇਵੇ। ਮੋਦੀ ਦੀ ਆਤਮਾ ਜਾਗ ਜਾਵੇ ਤਾਂ ਇਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ।” ਫਿਲਹਾਲ ਅਜੇ ਇਸ ‘ਤੇ ਬੀਜੇਪੀ ਤੇ ਸਮ੍ਰਿਤੀ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਆਈ।