Karnataka Election Results 2023: ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਰਿਕਾਰਡ ਜਿੱਤ ਹਾਸਲ ਕੀਤੀ ਹੈ। ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ ਹੈ। ਰਾਜ ਦੀ 224 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਨੇ 136 ਸੀਟਾਂ ਜਿੱਤੀਆਂ ਹਨ। ਕਰਨਾਟਕ 'ਚ ਜਿੱਤ ਤੋਂ ਬਾਅਦ ਹੁਣ ਕਾਂਗਰਸ ਕੋਲ ਚਾਰ ਸੂਬਿਆਂ 'ਚ ਪੂਰਨ ਬਹੁਮਤ ਵਾਲੀ ਸਰਕਾਰ ਹੈ, ਜਦਕਿ ਤਿੰਨ ਸੂਬਿਆਂ 'ਚ ਕਾਂਗਰਸ ਦੀ ਗਠਜੋੜ ਸਰਕਾਰ ਹੈ।
ਹੁਣ ਦੇਸ਼ ਵਿੱਚ ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀਆਂ ਆਪਣੀਆਂ ਸਰਕਾਰਾਂ ਹਨ। ਇਸ ਦੇ ਨਾਲ ਹੀ ਝਾਰਖੰਡ, ਬਿਹਾਰ ਤੇ ਤਾਮਿਲਨਾਡੂ ਵਿੱਚ ਕਾਂਗਰਸ ਗਠਜੋੜ ਦੀ ਸਰਕਾਰ ਹੈ। ਕਾਂਗਰਸ ਦੇਸ਼ ਦੇ 22 ਫੀਸਦੀ ਭੂਗੋਲਿਕ ਖੇਤਰ 'ਤੇ ਰਾਜ ਕਰ ਰਹੀ ਹੈ ਤੇ ਦੇਸ਼ ਦੀ 13 ਫੀਸਦੀ ਆਬਾਦੀ ਕਾਂਗਰਸ ਦੇ ਨਾਲ ਹੈ।
ਹਿਮਾਚਲ ਪ੍ਰਦੇਸ਼
ਕਰਨਾਟਕ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੇ ਵਿਧਾਨ ਸਭਾ ਚੋਣਾਂ (2022 ਵਿੱਚ) ਜਿੱਤੀਆਂ ਸਨ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 2027 ਤੱਕ ਹੈ। ਰਾਜ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ ਕਾਂਗਰਸ ਨੇ 45 ਸੀਟਾਂ ’ਤੇ ਕਬਜ਼ਾ ਕਰਕੇ ਬਹੁਮਤ ਹਾਸਲ ਕੀਤਾ ਤੇ ਸੁਖਵਿੰਦਰ ਸਿੰਘ ਸੁੱਖੂ ਨੂੰ ਮੁੱਖ ਮੰਤਰੀ ਬਣਾਇਆ।
ਰਾਜਸਥਾਨ
ਰਾਜਸਥਾਨ ਵਿੱਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਸਾਲ 2018 'ਚ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ 200 'ਚੋਂ 100 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। 2018 ਤੋਂ, ਰਾਜਸਥਾਨ ਵਿੱਚ ਕਾਂਗਰਸ ਦਾ ਸ਼ਾਸਨ ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਵਿਗੜਿਆ ਹੋਇਆ ਹੈ। ਇਸ ਦੇ ਦੋ ਸਭ ਤੋਂ ਵੱਡੇ ਨੇਤਾਵਾਂ, ਸਚਿਨ ਪਾਇਲਟ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਲੰਬੇ ਸਮੇਂ ਤੋਂ ਆਪਸੀ ਲੜਾਈ ਚੱਲ ਰਹੀ ਹੈ।
ਛੱਤੀਸਗੜ੍ਹ
ਰਾਜਸਥਾਨ ਵਾਂਗ ਛੱਤੀਸਗੜ੍ਹ ਵਿੱਚ ਵੀ ਇਸ ਸਾਲ ਦੇ ਅੰਤ ਤੱਕ ਚੋਣਾਂ ਹੋਣੀਆਂ ਹਨ। 2018 ਵਿੱਚ, ਕਾਂਗਰਸ ਨੇ ਛੱਤੀਸਗੜ੍ਹ ਵਿੱਚ ਭਾਜਪਾ ਨੂੰ ਹਰਾਇਆ ਸੀ। ਕਾਂਗਰਸ ਨੇ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਵਿੱਚੋਂ 68 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 2003 ਤੋਂ 15 ਸਾਲ ਤੱਕ ਵਿਰੋਧੀ ਧਿਰ ਵਿੱਚ ਰਹਿਣ ਤੋਂ ਬਾਅਦ ਕਾਂਗਰਸ ਨੇ ਸੂਬੇ ਵਿੱਚ ਸਰਕਾਰ ਬਣਾਈ ਸੀ। ਇਸ ਤੋਂ ਬਾਅਦ ਭੁਪੇਸ਼ ਬਘੇਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।
ਕਰਨਾਟਕ
ਕਾਂਗਰਸ ਨੇ 13 ਮਈ ਨੂੰ ਦੱਖਣੀ ਰਾਜ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਜਪਾ ਨਾਲੋਂ ਲਗਪਗ ਦੁੱਗਣੀਆਂ ਸੀਟਾਂ ਜਿੱਤਣ ਤੋਂ ਬਾਅਦ ਹੁਣ ਕਾਂਗਰਸ ਇੱਥੇ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਕਾਂਗਰਸ ਨੇ ਤੈਅ ਕਰਨਾ ਹੈ ਕਿ ਮੁੱਖ ਮੰਤਰੀ ਕੌਣ ਹੋਵੇਗਾ। ਇਸ ਦੌੜ ਵਿੱਚ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਤੇ ਦੂਜੇ ਪਾਸੇ ਫਾਇਰਬ੍ਰਾਂਡ ਸਿਆਸਤਦਾਨ ਡੀਕੇ ਸ਼ਿਵਕੁਮਾਰ ਹਨ।