ਪੰਜ ਰਾਜਾਂ ਦੇ ਐਗਜ਼ਿਟ ਪੋਲ ਨੇ ਉਡਾਈ ਬੀਜੇਪੀ ਦੀ ਨੀਂਦ, ਕਾਂਗਰਸ ਬਾਗੋਬਾਗ
ਏਬੀਪੀ ਸਾਂਝਾ | 08 Dec 2018 02:14 PM (IST)
ਨਵੀਂ ਦਿੱਲੀ: ਰਾਜਸਥਾਨ ਤੇ ਤੇਲੰਗਾਨਾ ਵਿੱਚ ਵੋਟਿੰਗ ਖ਼ਤਮ ਹੁੰਦਿਆਂ ਹੀ ਪੰਜਾਂ ਸੂਬਿਆਂ ਦੇ ਐਗਜ਼ਿਟ ਪੋਲ ਵੀ ਸਾਹਮਣੇ ਆ ਗਏ। ਇਕੱਲੇ ਮੱਧ ਪ੍ਰਦੇਸ਼ ਲਈ ਹੁਣ ਤੱਕ 8 ਪੋਲ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਪੰਜ ਸਰਵੇਖਣਾਂ ਮੁਤਾਬਕ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ। ਉੱਧਰ ਰਾਜਸਥਾਨ ਵਿੱਚ ਵੀ 6 ਸਰਵੇਖਣਾਂ ਵਿੱਚੋਂ 4 ਮੁਤਾਬਕ ਸੂਬੇ ’ਚ ਕਂਗਰਸ ਸਰਕਾਰ ਬਣਨ ਦੇ ਆਸਾਰ ਹਨ। ਛੱਤੀਸਗੜ੍ਹ ਦੇ 8 ਸਰਵੇਖਣ ਸਾਹਮਣੇ ਆਏ ਜਿਨ੍ਹਾਂ ਵਿੱਚੋਂ 4 ’ਚ ਕਾਂਗਰਸ ਤੇ 4 ’ਚ ਬੀਜੇਪੀ ਅੱਗੇ ਹੈ। ਤੇਲੰਗਾਨਾ ਦੀ ਗੱਲ ਕੀਤੀ ਜਾਏ ਤਾਂ ਇਸ ਦੇ 4 ਸਰਵੇਖਣ ਸਾਹਮਣੇ ਆਏ ਤੇ ਸਾਰਿਆਂ ਵਿੱਚ ਟੀਆਰਐਸ ਦੀ ਸਰਕਾਰ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਬਾਅਦ ਕਾਂਗਰਸ ਨੇ 11 ਦਸੰਬਰ ਤੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿੱਚ ਜਿੱਤ ਦਾ ਦਾਅਵਾ ਕਰਦਿਆਂ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਦੀ ਭਵਿੱਖਬਾਣੀ ਕੀਤੀ ਹੈ। ਰਾਜਸਥਾਨ ਤੇ ਤੇਲੰਗਾਨਾ ਵਿੱਚ ਹੋਈ ਵੋਟਿੰਗ 'ਤੇ ਬੋਲਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਦੋਵਾਂ ਸੂਬਿਆਂ ਵਿੱਚ ਵੋਟਰ ‘ਭ੍ਰਿਸ਼ਟ ਬੀਜੇਪੀ’ ਨੂੰ ਬੇਦਖ਼ਲ ਕਰਨ ਲਈ ਕਾਹਲ਼ੇ ਪੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਸੂਬਿਆਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਹੋਏਗੀ। ਇਸ ਮੌਕੇ ਸੁਰਜੇਵਾਲਾ ਨੇ ਬੀਜੇਪੀ ’ਤੇ ਜਾਤੀਵਾਦ ਨਾਲ ਖੇਡਣ ਦਾ ਇਲਜ਼ਾਮ ਲਾਇਆ। ਇੱਥੋਂ ਤਕ ਕਿ ਉਨ੍ਹਾਂ ਯੋਗੀ ਆਦਿੱਤਿਆਨਾਥ ਨੂੰ ਭੋਗੀ ਆਦਿੱਤਿਆਨਾਥ ਕਹਿ ਦਿੱਤਾ ਕਿਉਂਕਿ ਉਨ੍ਹਾਂ ਜਾਤੀਵਾਦੀ ਦੀ ਸਿਆਸਤ ਵਿੱਚ ਭਗਵਾਨ ਹਨੂਮਾਨ ਦੇ ਨਾਂ ਦਾ ਇਸਤੇਮਾਲ ਕੀਤਾ।