ਅੰਮ੍ਰਿਤਸਰ: ਜੌੜਾ ਫਾਟਕ ਰੇਲ ਹਾਦਸੇ ਸਬੰਧੀ ਮੁੱਖ ਮੰਤਰੀ ਕੈਪਟਮ ਅਮਰਿੰਦਰ ਸਿੰਘ ਨੇ ਰੇਲਵੇ ਦੇ ਗੇਟਮੈਨ ਤੇ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਦੋਵਾਂ ਗੇਟਮੈਨਾਂ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਰੇਲਵੇ ਆਪਣੇ ਪੱਧਰ ’ਤੇ ਤੈਅ ਕਰੇਗਾ। ਦਰਅਸਲ ਬੀਤੇ ਦਿਨੀਂ ਵਿਭਾਗੀ ਕਮਿਸ਼ਨਰ ਬੀ ਪੁਰੁਸ਼ਾਰਥ ਦੀ ਅਗਵਾਈ ਹੇਠ ਵਿਸ਼ੇਸ਼ ਕਮੇਟੀ ਨੇ ਆਪਣੀ 300 ਪੰਨਿਆਂ ਦੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪੀ। ਇਹ ਰਿਪੋਰਟ ਵੀਰਵਾਰ ਨੂੰ ਜਨਤਕ ਕੀਤੀ ਗਈ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਰਿਪੋਰਟ ਦੇ ਆਧਾਰ 'ਤੇ ਇਹ ਫੈਸਲਾ ਲਿਆ।
ਇਸ ਰਿਪੋਰਟ ਮੁਤਾਬਕ ਸਿੱਧੂ ਜੋੜੇ ਦਾ ਕੋਈ ਰੋਲ ਨਹੀਂ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਬਿਆਨ 'ਚ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਉਹ ਪੰਜਾਬ 'ਚ ਮੌਜੂਦ ਨਹੀਂ ਸਨ। ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਹਨਾਂ ਨੇ ਦੁਸਹਿਰਾ ਪ੍ਰੋਗਰਾਮ ਦੇ ਪ੍ਰਬੰਧ 'ਚ ਕੋਈ ਮਦਦ ਨਹੀਂ ਕੀਤੀ। ਕਿਸੇ ਵੀ ਅਫਸਰ ਜਾਂ ਪ੍ਰਬੰਧਕ ਨੇ ਇਹ ਨਹੀਂ ਕਿਹਾ ਕਿ ਸਿੱਧੂ ਜੋੜੇ ਨੇ ਪ੍ਰੋਗਰਾਮ 'ਚ ਮਦਦ ਕੀਤੀ।
ਉਨ੍ਹਾਂ ਤੋਂ ਇਲਾਵਾ ਰੇਲ ਦੇ ਡਰਾਇਵਰ ਅਰਵਿੰਦ ਕੁਮਾਰ ਨੂੰ ਵੀ ਬੇਕਸੂਰ ਦੱਸਿਆ ਗਿਆ ਹੈ। ਰਿਪੋਰਟ 'ਚ ਗੇਟ ਨੰ.26 ਤੇ ਗੇਟ ਨੰ 27 ਦੇ ਗੇਟਮੈਨ ਤੇ ਟ੍ਰੇਨ ਨੰ. 13006 DN ਦੇ ਡਰਾਇਵਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਗੇਟ ਨੰ. 27 ਦੇ ਗੇਟਮੈਨ ਅਮਿਤ ਸਿੰਘ ਦੇ ਮੁਤਾਬਕ ਉਹ ਆਪਣੇ ਗੇਟ ਤੋਂ ਲੋਕਾਂ ਦੇ ਇਕੱਠ ਨੂੰ ਨਹੀਂ ਵੇਖ ਪਾ ਰਿਹਾ ਸੀ ਤੇ ਨਾ ਹੀ ਉਸ ਨੂੰ ਇਸ ਦੀ ਕੋਈ ਜਾਣਕਾਰੀ ਸੀ। ਜਦਕਿ ਗੇਟ ਨੰ. 26 ਦੇ ਗੇਟਮੈਨ ਨਿਰਮਲ ਸਿੰਘ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸਨੇ ਗੇਟ ਨੰ.27 ਤੇ ਤਾਇਨਾਤ ਅਮਿਤ ਨੂੰ ਇਕੱਠ ਬਾਰੇ 6.40 ਤੇ 6.45 ਦੇ ਦਰਮਿਆਨ ਫੋਨ ਲਾਈਨ ਜ਼ਰੀਏ ਜਾਣਕਾਰੀ ਦਿੱਤੀ ਗਈ।
ਜਾਂਚ ਦੌਰਾਨ ਇੱਕ ਟਰਾਇਲ ਕੀਤਾ ਗਿਆ ਤੇ ਇਹ ਪਾਇਆ ਗਿਆ ਕਿ ਗੇਟ ਨੰ.27 ਤੋਂ ਲੋਕਾਂ ਦਾ ਇਕੱਠ ਵੇਖਿਆ ਜਾ ਸਕਦਾ ਹੈ, ਇਸ ਲਈ ਅਮਿਤ ਦਾ ਵੱਡਾ ਕਸੂਰ ਹੈ। ਜੇਕਰ ਅਮਿਤ ਨੇ ਸਹੀ ਡਿਊਟੀ ਨਿਭਾਈ ਹੁੰਦੀ ਤਾਂ ਹਾਦਸਾ ਟਲ ਸਕਦਾ ਸੀ। ਗੇਟ ਨੰ.26 ਤੇ ਤਾਇਨਾਤ ਨਿਰਮਲ ਸਿੰਘ ਦਾ ਵੀ ਕਸੂਰ ਸੀ, ਕਿਉਂਕਿ 5.30 ਵਜੇ ਭੀੜ ਵੇਖਣ ਦੇ ਬਾਵਜੂਦ ਉਸ ਨੇ ਜਾਣਕਾਰੀ ਦੇਣ 'ਚ ਦੇਰ ਕੀਤੀ।
ਦੁਸਹਿਰਾ ਪ੍ਰੋਗਰਾਮ ਦੇ ਪ੍ਰਬੰਧਕ ਨੂੰ ਹਾਦਸੇ ਦਾ ਵੱਡਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਰਿਪੋਰਟ ਮੁਤਾਬਕ ਮਿੱਠੂ ਮਦਾਨ, ਉਹਨਾਂ ਦੀ ਮਾਂ ਵਿਜੇ ਮਦਾਨ ਅਤੇ ਦੁਸਹਿਰਾ ਕਮੇਟੀ ਦੇ ਸਾਰੇ ਮੈਂਬਰ ਜ਼ਿੰਮੇਵਾਰ ਹਨ। ਕਿਹਾ ਗਿਆ ਹੈ ਕਿ ਦੁਸਹਿਰਾ ਪ੍ਰੋਗਰਾਮ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ। ਸਾਰੇ ਨਿਯਮ-ਕਨੂੰਨ ਨਹੀਂ ਮੰਨੇ ਗਏ ਤੇ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ। ਪ੍ਰੋਗਰਾਮ ਲਈ ਪੁਲਿਸ ਦੀ NOC ਲਈ ਗਈ ਪਰ ਪ੍ਰਬੰਧਕਾਂ ਨੇ ਕਾਰਪੋਰੇਸ਼ਨ ਤੋਂ ਇਜਾਜ਼ਤ ਨਹੀਂ ਲਈ।
ਪਟਾਕੇ ਚਲਾਉਣ ਦੀ ਤੇ ਲਾਊਂਡਸਪੀਕਰ ਵਰਤਣ ਦੀ ਵੀ ਇਜਾਜ਼ਤ ਨਹੀਂ ਲਈ ਗਈ ਸੀ। ਦੁਸਹਿਰਾ ਪ੍ਰੋਗਰਾਮ ਵਾਲੀ ਥਾਂ 'ਤੇ 73 ਪੁਲਿਸ ਮੁਲਾਜ਼ਮ, 1 ACP, 2 SHO , 19 ASI ਤਾਇਨਾਤ ਸਨ ਪਰ ਕਿਸੇ ਨੇ ਹਾਦਸੇ ਨੂੰ ਭਾਂਪਿਆ ਨਹੀਂ, ਏਸੇ ਲਈ ਪੁਲਿਸ ਪੂਰੇ ਤਰੀਕੇ ਨਾਲ ਨਾਕਾਮ ਰਹੀ। ਮਿਊਂਸੀਪਲ ਕਾਰਪੋਰੇਸ਼ਨ ਦੇ ਅਸਟੇਟ ਅਫਸਰ, ਏਰੀਆ ਅਫਸਰ, ਦੋ ਸੁਪਰੀਡੈਂਟ, ਇੱਕ ਫੀਲਡ ਕਲਰਕ ਤੇ ਉਸਦੇ ਸਟਾਫ ਮੈਂਬਰ ਜ਼ਿੰਮੇਵਾਰ ਹਨ। ਇਹਨਾਂ ਨੇ ਇਹ ਨਹੀਂ ਜਾਂਚਿਆ ਕਿ ਕਾਰਪੋਰੇਸ਼ਨ ਦੀ ਥਾਂ 'ਤੇ ਇੰਨਾ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ। ਕਾਰਪੋਰੇਸ਼ਨ ਦੀ ਇਜਾਜ਼ਤ ਤੋਂ ਬਿਨਾ ਪ੍ਰੋਗਰਾਮ ਦੀ ਮਸ਼ਹੂਰੀ ਵੀ ਕੀਤੀ ਗਈ।