Water Logging in New Parliament House: ਦਿੱਲੀ 'ਚ ਬੁੱਧਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਨਵੀਂ ਸੰਸਦ ਭਵਨ 'ਚ ਪਾਣੀ ਭਰ ਜਾਣ ਕਾਰਨ ਕਾਂਗਰਸ 'ਚ ਕਾਫੀ ਗੁੱਸਾ ਹੈ। ਕਾਂਗਰਸ ਨੇ ਇਸ ਸਬੰਧੀ ਨੋਟਿਸ ਵੀ ਦਿੱਤਾ ਹੈ। ਕਾਂਗਰਸ ਨੇ ਸੰਸਦ 'ਚ ਪਾਣੀ ਭਰਨ 'ਤੇ ਸਵਾਲ ਚੁੱਕਦਿਆਂ ਹੋਇਆਂ ਇਹ ਨੋਟਿਸ ਦਿੱਤਾ ਹੈ। 


ਕਈ ਥਾਵਾਂ 'ਤੇ ਜਮ੍ਹਾ ਹੋਇਆ ਪਾਣੀ


ਤਾਮਿਲਨਾਡੂ ਦੀ ਵਿਰੁਧੁਨਗਰ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਣਿਕਮ ਟੈਗੋਰ ਬੀ. ਨੇ ਨੋਟਿਸ ਜਾਰੀ ਕਰਦਿਆਂ ਲਿਖਿਆ, "ਮੈਂ ਤੁਹਾਨੂੰ ਇਸ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਪ੍ਰਸਤਾਵ ਪੇਸ਼ ਕਰਨ ਦੀ ਇਜਾਜ਼ਤ ਮੰਗਣ ਦੇ ਆਪਣੇ ਇਰਾਦੇ ਬਾਰੇ ਸੂਚਿਤ ਕਰਦਾ ਹਾਂ, ਤਾਂ ਜੋ ਕਿਸੇ ਮਹੱਤਵਪੂਰਨ ਮੁੱਦੇ 'ਤੇ ਚਰਚਾ ਕੀਤੀ ਜਾ ਸਕੇ।" ਲੋਕ ਸਭਾ ਸਪੀਕਰ ਨੂੰ ਸੰਬੋਧਿਤ ਕਰਦਿਆਂ ਹੋਇਆਂ ਇਸ ਪੱਤਰ ਵਿੱਚ ਮਣਿਕਮ ਟੈਗੋਰ ਨੇ ਲਿਖਿਆ ਹੈ ਕਿ ਮੈਂ ਬੁੱਧਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਆਪਣੀ ਚਿੰਤਾ ਪ੍ਰਗਟ ਕਰ ਰਿਹਾ ਹਾਂ।






ਕੱਲ੍ਹ ਹੋਈ ਬਰਸਾਤ ਤੋਂ ਬਾਅਦ ਸੰਸਦ ਭਵਨ ਦੀ ਲੌਬੀ ਅਤੇ ਕਈ ਥਾਵਾਂ ’ਚ ਪਾਣੀ ਭਰ ਗਿਆ।  ਜਿਸ ਰਸਤੇ ਤੋਂ ਭਾਰਤ ਦੇ ਰਾਸ਼ਟਰਪਤੀ ਨਵੇਂ ਸੰਸਦ ਭਵਨ ਵਿੱਚ ਦਾਖਲ ਹੁੰਦੇ ਸਨ, ਉੱਥੇ ਇਹ ਪਰੇਸ਼ਾਨੀ ਹੈ। ਇਹ ਘਟਨਾ ਇਮਾਰਤ ਵਿੱਚ ਮੌਜੂਦ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ, ਭਾਵੇਂ ਇਸ ਨੂੰ ਬਣਿਆਂ ਸਿਰਫ਼ ਇੱਕ ਸਾਲ ਹੀ ਹੋਇਆ ਹੈ।


ਨਵੀਂ ਇਮਾਰਤ ਦਾ ਨਿਰੀਖਣ ਕਰਨ ਦੀ ਮੰਗ


ਮਣਿਕਮ ਨੇ ਅੱਗੇ ਲਿਖਿਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਮੈਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੰਦਾ ਹਾਂ, ਜੋ ਇਮਾਰਤ ਦੀ ਪੂਰੀ ਜਾਂਚ ਕਰੇਗੀ। ਕਮੇਟੀ ਪਾਣੀ ਦੇ ਲੀਕੇਜ ਦੇ ਕਾਰਨਾਂ 'ਤੇ ਵੀ ਧਿਆਨ ਦੇਵੇਗੀ। ਇਸ ਤੋਂ ਇਲਾਵਾ ਇਮਾਰਤ ਦੇ ਡਿਜ਼ਾਈਨ ਅਤੇ ਸਮੱਗਰੀ ਦਾ ਵੀ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਬਾਅਦ, ਲੋੜੀਂਦੀ ਮੁਰੰਮਤ ਦੀ ਸਿਫਾਰਸ਼ ਕੀਤੀ ਜਾਵੇਗੀ।


ਨੋਟਿਸ ਦੇ ਅੰਤ ਵਿੱਚ ਮਣਿਕਮ ਨੇ ਲਿਖਿਆ ਹੈ ਕਿ ਮੈਂ ਸਾਰੇ ਮੈਂਬਰਾਂ ਨੂੰ ਸਾਡੀ ਸੰਸਦ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਇਸ ਪਹਿਲ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ। ਇਸ ਨੋਟਿਸ ਪੱਤਰ ਦੀ ਕਾਪੀ ਲੋਕ ਸਭਾ ਦੇ ਸਪੀਕਰ, ਸੰਸਦੀ ਮਾਮਲਿਆਂ ਦੇ ਮੰਤਰਾਲੇ ਨੂੰ ਵੀ ਭੇਜੀ ਗਈ ਹੈ।