ਨਵੀਂ ਦਿੱਲੀ: ਕਰਨਾਟਕ ਵਿੱਚ ਕਾਂਗਰਸ-ਜੇਡੀਐਸ ਸਰਕਾਰ ਦੇ 11 ਵਿਧਾਇਕਾਂ ਵੱਲੋਂ ਪਾਰਟੀਆਂ ਛੱਡਣ ਮਗਰੋਂ ਕਾਂਗਰਸ ਨੇ ਭਾਜਪਾ 'ਤੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਕਰਨ ਦੇ ਗੰਭੀਰ ਦੋਸ਼ ਲਾਏ ਹਨ। 11 ਵਿਧਾਇਕਾਂ ਦੇ ਪਾਰਟੀ ਛੱਡਣ ਮਗਰੋਂ ਸੂਬੇ ਵਿੱਚ ਸਰਕਾਰ ਡਿੱਗ ਸਕਦੀ ਹੈ ਅਤੇ ਭਾਜਪਾ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੀ ਹੈ। ਇਸ ਸੰਕਟ ਨੂੰ ਦੇਖਿਆਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਦਿੱਲੀ ਵਿੱਚ ਹੰਗਾਮੀ ਬੈਠਕ ਕੀਤੀ।


ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਭਾਜਪਾ ਨੂੰ ਹਜਮ ਨਹੀਂ ਆ ਰਹੀ। ਬੈਠਕ ਮਗਰੋਂ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਜਦ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇਗੀ ਤਾਂ ਸੰਵਿਧਾਨ ਦੀ ਰਾਖੀ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 12 ਸਰਕਾਰਾਂ ਅਜਿਹੀਆਂ ਹਨ, ਜਿੱਥੇ ਭਾਜਪਾ ਨੇ ਖਰੀਦੋ ਫਰੋਖਤ ਕੀਤੀ ਹੈ ਅਤੇ ਹੁਣ ਕਰਨਾਟਕ ਵਿੱਚ ਲੋਕਤੰਤਰ ਦਾ ਕਤਲ ਕਰਨ ਲੱਗੇ ਹੋਏ ਹਨ।

ਸਬੰਧਤ ਖ਼ਬਰ- ਕਰਨਾਟਕ ਸਰਕਾਰ 'ਤੇ ਸੰਕਟ, ਬੀਜੇਪੀ ਲਈ ਸਰਕਾਰ ਬਣਾਉਣ ਦਾ ਮੌਕਾ

ਜ਼ਿਕਰਯੋਗ ਹੈ ਕਿ ਕਾਂਗਰਸ-ਜੇਡੀਐਸ ਸਰਕਾਰ ਦੇ 11 ਵਿਧਾਇਕਾਂ ਨੇ ਅੱਜ ਅਸਤੀਫ਼ੇ ਦੇ ਦਿੱਤੇ ਹਨ। ਅਜਿਹੇ ਵਿੱਚ ਕੁਮਾਰਸਵਾਮੀ ਦੀ ਸਰਕਾਰ ਖ਼ਤਰੇ ਵਿੱਚ ਆ ਗਈ ਹੈ। ਅਸਤੀਫਿਆਂ ਮਗਰੋਂ ਕਰਨਾਟਕ ਵਿਧਾਨ ਸਭਾ ਵਿੱਚ 211 ਵਿਧਾਇਕ ਰਹਿ ਜਾਣਗੇ, ਜਿਸ ਕਾਰਨ ਬਹੁਮਤ ਦਾ ਅੰਕੜਾ 106 ਹੋ ਜਾਵੇਗਾ। ਫਿਲਹਾਲ ਭਾਜਪਾ ਅਤੇ ਕਾਂਗਰਸ-ਜੇਡੀਐਸ ਕੋਲ ਵਿਧਾਇਕਾਂ ਦੀ ਗਿਣਤੀ 105-105 ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਸੂਬੇ ਦੇ ਰਾਜਪਾਲ 17 ਜੁਲਾਈ ਨੂੰ ਬਹੁਮਤ ਸਾਬਤ ਕਰਨ ਦਾ ਹੁਕਮ ਦੇ ਸਕਦੇ ਹਨ।