ਚੰਡੀਗੜ੍ਹ: ਗਰਮੀ ਤੋਂ ਸਤਾਏ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਆਖ਼ਰ ਲੰਮੇ ਇੰਤਜ਼ਾਰ ਮਗਰੋਂ ਸ਼ਨੀਵਾਰ ਨੂੰ ਮੌਨਸੂਨ ਨੇ ਵੱਡੀ ਰਾਹਤ ਦਿੱਤੀ ਹੈ। ਹਵਾਵਾਂ ਦੇ ਪੁੱਜਣ ਦੇ ਪਹਿਲੇ ਹੀ ਦਿਨ ਪੰਜਾਬ ਤੋਂ ਲੈ ਕੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਥੋੜ੍ਹੇ ਸਮੇਂ ਲਈ ਭਰਵੀਂ ਬਾਰਸ਼ ਹੋਈ। ਬੇਸ਼ੱਕ ਮਾਨਸੂਨ ਹਵਾਵਾਂ ਪੂਰੇ ਪੰਜਾਬ ਵਿੱਚ ਨਹੀਂ ਪਹੁੰਚੀਆਂ, ਪਰ ਪਾਕਿਸਾਨ ਦੇ ਪਾਸਿਓਂ ਹੋਈ ਮੌਸਮੀ ਹਲਚਲ ਕਾਰਨ ਇੱਥੇ ਮੀਂਹ ਪੈ ਰਿਹਾ ਹੈ।


ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ 10 ਜੁਲਾਈ ਤਕ ਦਿੱਲੀ ਸਮੇਤ ਨੇੜਲੇ ਸੂਬਿਆਂ 'ਚ ਅਜਿਹਾ ਹੀ ਮੌਸਮ ਬਣਿਆ ਰਹੇਗਾ ਅਤੇ ਰੁਕ-ਰੁਕ ਕੇ ਬਾਰਸ਼ ਹੁੰਦੀ ਰਹੇਗੀ। ਸ਼ਨੀਵਾਰ ਨੂੰ ਰਾਜਸਥਾਨ ਦੇ ਵੀ ਕਈ ਇਲਾਕਿਆਂ ਵਿੱਚ ਜ਼ੋਰਦਾਰ ਮੀਂਹ ਦੇਖਣ ਨੂੰ ਮਿਲਿਆ।

ਪੰਜਾਬ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਬਠਿੰਡਾ, ਬਰਨਾਲਾ ਤੋਂ ਲੈ ਕੇ ਪਟਿਆਲਾ ਚੰਡੀਗੜ੍ਹ ਤਕ ਦੁਪਹਿਰ ਸਮੇਂ ਬਾਰਿਸ਼ ਹੋਈ। ਇਸ ਮੀਂਹ ਨੇ ਵਧੇ ਹੋਏ ਤਾਪਮਾਨ ਨੂੰ ਕਾਫੀ ਘੱਟ ਕੀਤਾ, ਜਿਸ ਕਾਰਨ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਸ਼ਹਿਰੀ ਲੋਕਾਂ ਦੇ ਨਾਲ-ਨਾਲ ਅੰਬਰੀਂ ਛਾਈਆਂ ਕਾਲੀਆਂ ਘਟਾਵਾਂ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਮੁਸਕੁਰਾਹਟ ਲਿਆਂਦੀ ਹੈ।

ਚੰਡੀਗੜ੍ਹ ਵਿੱਚ ਸ਼ਾਮ ਸਮੇਂ ਵੀ ਬੱਦਲਵਾਈ ਰਹੀ, ਜਿਸ ਕਾਰਨ ਪਾਰਾ ਘੱਟ ਹੀ ਰਿਹਾ। ਪਠਾਨਕੋਟ ਤੇ ਅੰਮ੍ਰਿਤਸਰ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ ਇਸ ਰੁੱਤ ਦਾ ਸਭ ਤੋਂ ਭਾਰੀ ਮੀਂਹ ਦਰਜ ਕੀਤਾ ਗਿਆ। ਮਾਨਸੂਨ ਹਵਾਵਾਂ ਨੇ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਉੱਤਰਾਖੰਡ ਤਕ ਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਮਿਜਾਜ਼ ਠੰਢਾ ਰਹੇਗਾ।

ਦੇਖੋ ਵਿਸ਼ੇਸ਼ ਮੌਸਮ ਬੁਲੇਟਿਨ-