ਨਵੀਂ ਦਿੱਲੀ: ਕਿਸਾਨ ਕ੍ਰੈਡਿਟ ਕਾਰਡ (KCC) ਦੀ ਸੁਵਿਧਾ ਹੁਣ ਪਸ਼ੂ ਪਾਲਣ ਤੇ ਮੱਛੀ ਪਾਲਣ ਲਈ ਵੀ ਮੁਹੱਈਆ ਕਰਵਾਈ ਜਾਵੇਗੀ। ਇਹ ਦੋਵੇਂ ਹੀ ਸ਼੍ਰੇਣੀਆਂ ਤਹਿਤ ਵੱਧ ਤੋਂ ਵੱਧ ਦੋ ਲੱਖ ਰੁਪਏ ਦਾ ਕਰਜ਼ਾ ਮਿਲ ਸਕਦਾ ਹੈ। ਹਾਲਾਂਕਿ, ਕੇਸੀਸੀ ਦੀ ਮਦਦ ਨਾਲ ਖੇਤੀਬਾੜੀ ਲਈ ਤਿੰਨ ਲੱਖ ਰੁਪਏ ਤਕ ਦਾ ਕਰਜ਼ਾ ਲੈ ਸਕਦੇ ਹਨ।

ਕਿਸਾਨ ਕ੍ਰੈਡਿਟ ਕਾਰਡ ਇਸ ਸਮੇਂ ਦੇਸ਼ ਦੇ ਤਕਰੀਬਨ 50 ਫ਼ੀਸਦੀ ਕਿਸਾਨਾਂ ਕੋਲ ਹੀ ਹੈ। ਦੇਸ਼ ਵਿੱਚ 14.5 ਕਰੋੜ ਕਿਸਾਨ ਪਰਿਵਾਰ ਹਨ, ਜਿਨ੍ਹਾਂ ਵਿੱਚੋਂ ਸੱਤ ਕਰੋੜ ਕੋਲ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਕ੍ਰੈਡਿਟ ਕਾਰਡ ਨੂੰ ਬਣਾਉਣ ਦੀ ਪ੍ਰਕਿਰਿਆ ਕਾਫੀ ਗੁੰਝਲਦਾਰ ਹੈ।

ਕਿਸਾਨ ਕ੍ਰੈਡਿਟ ਕਾਰਡ ਕਿਸੇ ਵੀ ਬੈਂਕ ਤੋਂ ਬਣਵਾਇਆ ਜਾ ਸਕਦਾ ਹੈ। ਇਸ ਲਈ ਬਿਨੈਕਾਰ ਨੂੰ ਆਪਣੇ ਕਿਸਾਨ ਹੋਣ ਦਾ ਸਬੂਤ ਯਾਨੀ ਕਿ ਖੇਤੀਬਾੜੀ ਜਾਂ ਜ਼ਮੀਨ ਦੇ ਕਾਗ਼ਜ਼ਾਤ, ਦੂਜਾ ਬਿਨੈਕਾਰ ਦਾ ਰਿਹਾਇਸ਼ ਪ੍ਰਮਾਣ ਪੱਤਰ ਤੇ ਤੀਜਾ ਬਿਨੈਕਾਰ ਦਾ ਹਲਫ਼ੀਆ ਬਿਆਨ ਕਿ ਉਸ ਉੱਪਰ ਕਿਸੇ ਹੋਰ ਬੈਂਕ ਦਾ ਕਰਜ਼ਾ ਬਕਾਇਆ ਨਹੀਂ। ਇਨ੍ਹਾਂ ਤਿੰਨ ਦਸਤਾਵੇਜ਼ਾਂ ਨਾਲ ਕਿਸਾਨ ਕ੍ਰੈਡਿਟ ਕਾਰਡ ਬਣਵਾਇਆ ਜਾ ਸਕਦਾ ਹੈ ਤੇ ਇਸ ਸੁਵਿਧਾ ਦਾ ਲਾਭ ਉਠਾਇਆ ਜਾ ਸਕਦਾ ਹੈ।