ਨਵੀਂ ਦਿੱਲੀ: ਗਾਂ ਰੱਖਿਆ ਦੇ ਨਾਂ 'ਤੇ ਪਹਿਲੂ ਖਾਨ ਦੀ ਮੌਤ ਦੇ ਕੇਸ ਵਿੱਚ ਸਾਰੇ ਮੁਲਜ਼ਮਾਂ ਦੇ ਬਰੀ ਹੋਣ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਹੈਰਾਨ ਹੈ। ਉਨ੍ਹਾਂ ਕਿਹਾ ਹੈ ਕਿ ਅਦਾਲਤ ਦਾ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ। ਪ੍ਰਿਅੰਕਾ ਨੇ ਰਾਜਸਥਾਨ ਦੀ ਗਹਿਲੋਤ ਸਰਕਾਰ ਨੂੰ ਕਿਹਾ ਕਿ ਉਮੀਦ ਕਰਦੇ ਹਨ ਕਿ ਉਹ ਫੈਸਲੇ ਖਿਲਾਫ ਹਾਈਕੋਰਟ ਜਾਣਗੇ।


ਪ੍ਰਿਅੰਕਾ ਨੇ ਟਵੀਟ ਕਰਦਿਆਂ ਕਿਹਾ ਪਹਿਲੂ ਖਾਨ ਮਾਮਲੇ ਵਿੱਚ ਹੇਠਲੀ ਅਦਾਲਤ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਦੇਸ਼ ਵਿੱਚ ਗੈਰ ਮਨੁੱਖਤਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਭੀੜ ਵੱਲੋਂ ਕਿਸੇ ਦੀ ਹੱਤਿਆ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ ਹਜ਼ੂਮੀ ਕਤਲਾਂ ਖਿਲਾਫ ਕਾਨੂੰਨ ਬਣਾਉਣਾ ਚੰਗੀ ਸ਼ੁਰੂਆਤ ਹੈ। ਉਮੀਦ ਹੈ ਕਿ ਸਰਕਾਰ ਪਹਿਲੂ ਖਾਨ ਕੇਸ ਵਿੱਚ ਨਿਆਂ ਦਵਾ ਕੇ ਮਿਸਾਲ ਪੇਸ਼ ਕਰੇਗੀ।


ਯਾਦ ਰਹੇ ਰਾਜਸਥਾਨ ਵਿੱਚ ਪਹਿਲੂ ਖਾਨ ਦੀ ਹਜੂਮ ਵੱਲੋਂ ਕੀਤੀ ਹੱਤਿਆ ਦੇ ਮਾਮਲੇ ਵਿੱਚ ਅਲਵਰ ਦੀ ਅਦਾਲਤ ਨੇ ਸਾਰੇ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਸਰਿਤਾ ਸਵਾਮੀ ਨੇ ਪਹਿਲੂ ਖਾਨ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕੀਤਾ ਹੈ।

ਪਹਿਲੂ ਖਾਨ ਤੇ ਉਸ ਦੇ ਦੋ ਪੁੱਤਰ ਤੇ ਕੁਝ ਹੋਰ ਵਿਅਕਤੀ ਜਦੋਂ ਗਊਆਂ ਲੈ ਕੇ ਆ ਰਹੇ ਸਨ ਤਾਂ ਉਨ੍ਹਾਂ ਨੂੰ ਕਥਿਤ ਗਊ ਰੱਖਿਅਕਾਂ ਨੇ ਪਹਿਲੀ ਅਪਰੈਲ ਨੂੰ ਅਲਵਰ ਦੇ ਬਹਿਰੋਰ ਨੇੜੇ ਘੇਰ ਲਿਆ ਸੀ ਤੇ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ ਸੀ। ਇਸ ਘਟਨਾ ਵਿੱਚ ਪਹਿਲੂ ਖਾਨ (55) ਦੀ ਤਿੰਨ ਅਪਰੈਲ 2017 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕ ਰੋਹ ਦੀ ਲਹਿਰ ਫੈਲ ਗਈ ਸੀ। ‘ਗਊ ਰੱਖਿਅਕਾਂ’ ਦੇ ਹਮਲਿਆਂ ਵੱਲ ਸਰਕਾਰ ਨੇ ਧਿਆਨ ਦਿੱਤਾ ਸੀ।

ਇਸ ਦੌਰਾਨ ਸਰਕਾਰੀ ਵਕੀਲ ਯੋਗੇਂਦਰ ਖਟਾਨਾ ਨੇ ਦੱਸਿਆ ਕਿ ਅਦਾਲਤ ਨੇ ਸਾਰੇ ਛੇ ਦੋਸ਼ੀਆਂ ਨੂੰ ਹਜੂਮੀ ਹੱਤਿਆ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਅਜੇ ਹੁਕਮਾਂ ਦੀ ਕਾਪੀ ਨਹੀਂ ਮਿਲੀ ਤੇ ਇਸ ਨੂੰ ਪੜ੍ਹਨ ਉਪਰੰਤ ਉੱਚ ਅਦਾਲਤ ਵਿੱਚ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਪਾਈ ਜਾਵੇਗੀ।

ਬਰੀ ਕੀਤੇ ਮੁਲਜ਼ਮਾਂ ਦੇ ਨਾਂ ਵਿਪਨ ਯਾਦਵ, ਰਵਿੰਦਰ ਕੁਮਾਰ, ਕਾਲੂ ਰਾਮ, ਦਿਆਨੰਦ, ਯੋਗੇਸ਼ ਕੁਮਾਰ ਅਤੇ ਭੀਮ ਰਾਠੀ ਹਨ। ਇਸ ਤੋਂ ਇਲਾਵਾ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਨਾਬਾਲਗਾਂ ਨੂੰ ਵੀ ਨਾਮਜ਼ਦ ਕੀਤਾ ਸੀ। ਉਨ੍ਹਾਂ ਦੇ ਕੇਸ ਦੀ ਸੁਣਵਾਈ ਨਾਬਾਲਗਾਂ ਨਾਲ ਸਬੰਧਤ ਅਦਾਲਤ ਵਿੱਚ ਹੋ ਰਹੀ ਹੈ।