ਨਵੀਂ ਦਿੱਲੀ: ਜਿਵੇਂ-ਜਿਵੇਂ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦਾ ਦੌਰ ਗੁਜ਼ਰ ਰਿਹਾ ਹੈ ਨੇਤਾਵਾਂ ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਰਾਜ ਬੱਬਰ ਤੇ ਸੀਪੀ ਜੋਸ਼ੀ ਤੋਂ ਬਾਅਦ ਕਾਂਗਰਸ ਦੇ ਇੱਕ ਹੋਰ ਨੇਤਾ ਨੇ ਵਿਵਾਦਿਤ ਬਿਆਨ ਦੇ ਕੇ ਆਪਣੀ ਪਾਰਟੀ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ।


ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਲੀਡਰ ਵਿਲਾਸਰਾਵ ਮੁੱਤੇਮਵਾਰ ਨੇ ਸ਼ਨੀਵਾਰ ਨੂੰ ਰਾਜਸਥਾਨ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਤੁਹਾਡੇ (ਮੋਦੀ ਦੇ) ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤੁਹਾਨੂੰ ਕੌਣ ਜਾਣਦਾ ਸੀ? ਹੁਣ ਵੀ ਤੁਹਾਡੇ ਪਿਤਾ ਦਾ ਨਾਂਅ ਕੋਈ ਨਹੀਂ ਜਾਣਦਾ, ਪਰ ਹਰ ਕੋਈ ਰਾਹੁਲ ਗਾਂਧੀ ਦੇ ਪਿਤਾ ਦੇ ਨਾਲ-ਨਾਲ ਪੂਰੀਆਂ ਪੀੜ੍ਹੀਆਂ ਦੇ ਨਾਂਅ ਹਰ ਕੋਈ ਜਾਣਦਾ ਹੈ।" ਕਾਂਗਰਸੀ ਲੀਡਰ ਦੇ ਇਸ ਬਿਆਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਉੱਧਰ ਪੀਐਮ ਮੋਦੀ ਨੇ ਆਪਣੀ ਮਾਂ-ਬਾਪ ਬਾਰੇ ਕੀਤੀ ਗਈ ਟਿੱਪਣੀ 'ਤੋਂ ਕਿਹਾ ਕਿ ਕੀ ਕਾਰਨ ਹੈ ਪਹਿਲਾਂ ਮੇਰੀ ਮਾਂ ਬਾਰੇ ਬੋਲਣ ਤੋਂ ਬਾਅਦ ਅੱਜ ਮੇਰੇ ਪਿਤਾ ਨੂੰ ਵੀ ਉਹ ਘੜੀਸ ਲਿਆਏ ਜੋ 30 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ। ਕਾਂਗਰਸ ਦੇ ਨੇਤਾ ਮੇਰੇ ਮਾਤਾ ਪਿਤਾ 'ਤੇ ਨਿਜੀ ਹਮਲੇ ਕਿਉਂ ਕਰ ਰਹੇ ਹਨ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸੀ ਨੇਤਾ ਤੇ ਫ਼ਿਲਮੀ ਅਦਾਕਾਰ ਰਾਜ ਬੱਬਰ ਨੇ ਰੁਪਏ ਦੀ ਡਿੱਗਦੀ ਕੀਮਤ ਦੀ ਤੁਲਨਾ ਮੋਦੀ ਦੀ ਮਾਂ ਦੀ ਉਮਰ ਨਾਲ ਕਰ ਦਿੱਤੀ ਸੀ। ਇਸ ਤੋਂ ਬਾਅਦ ਕਾਂਗਰਸੀ ਨੇਤਾ ਸੀ.ਪੀ. ਜੋਸ਼ੀ ਨੇ ਮੋਦੀ ਤੇ ਕੇਂਦਰੀ ਮੰਤਰੀ ਉਮਾ ਭਾਰਤੀ ਬਾਰੇ ਜਾਤੀ ਸੂਚਕ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਲਗਾਤਾਰ ਭਾਜਪਾ ਨੇਤਾਵਾਂ ਦੇ ਨਿਸ਼ਾਨੇ 'ਤੇ ਹੈ।