ਰਵੀ ਇੰਦਰ ਸਿੰਘ


ਗੁਰਦਾਸਪੁਰ: ਬਾਬੇ ਨਾਨਕ ਦਾ 549ਵਾਂ ਪ੍ਰਕਾਸ਼ ਦਿਹਾੜਾ ਕੀ ਆਇਆ ਦੋ ਮੁਲਕਾਂ ਦੀਆਂ ਸਰਕਾਰਾਂ ਨੇ ਕਰਤਾਰਪੁਰ ਸਾਹਿਬ ਗਲਿਆਰਾ ਜੰਗ ਸ਼ੁਰੂ ਕਰ ਦਿੱਤੀ। ਇੱਕ ਦੂਜੇ ਤੋਂ ਮੂਹਰੇ ਨਿੱਕਲਣ ਦੀ ਕੋਸ਼ਿਸ਼ ਤੇ ਲੋਕਾਂ ਵਿੱਚ ਆਪਣੀ ਪੈਂਠ ਬਣਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਪਾਕਿਸਤਾਨ ਸਰਕਾਰ ਨੂੰ ਪਿੱਛੇ ਛੱਡਣ ਲਈ ਭਾਰਤ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਖੜ੍ਹੇ ਪੈਰ ਸਭ ਕੁਝ ਕਰਨ ਦੀ ਦੌੜ ਵਿੱਚ ਪ੍ਰਬੰਧਕਾਂ ਦਾ ਧੂੰਆਂ ਨਿੱਕਲਿਆ ਪਿਆ ਹੈ ਤੇ ਇਸੇ ਖਿਝ ਕਾਰਨ ਪੰਜਾਬ ਦੇ ਮੰਤਰੀ ਨੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ।

ਇਹ ਵੀ ਪੜ੍ਹੋ: ਕਰਤਾਰਪੁਰ ਲਾਂਘੇ 'ਤੇ ਡਾ. ਮਨਮੋਹਨ ਸਿੰਘ ਦੀ ਸਲਾਹ

ਭਲਕੇ ਯਾਨੀ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਗਲਿਆਰੇ ਦੀ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਲਈ ਤਿਆਰੀਆਂ ਦੀ ਦੇਖਰੇਖ ਕਰ ਰਹੇ ਪੰਚਾਇਤੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 'ਏਬੀਪੀ ਸਾਂਝਾ' ਕੋਲ ਆਪਣੇ ਦੁੱਖੜੇ ਰੋਏ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਜੇਕਰ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ ਸੀ ਤਾਂ ਸਾਨੂੰ ਉਨ੍ਹਾਂ ਨਾਲ ਦੌੜ ਵਿੱਚ ਨਹੀਂ ਸੀ ਪੈਣਾ ਚਾਹੀਦਾ।

ਸਬੰਧਤ ਖ਼ਬਰਾਂ-



 

ਪਾਕਿਸਤਾਨ ਤੋਂ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਦੇ 26 ਤਾਰੀਖ਼ ਨੂੰ ਨੀਂਹ ਪੱਥਰ ਰੱਖਣ ਦੇ ਫੈਸਲੇ ਨੂੰ ਗ਼ਲਤ ਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ਸਾਨੂੰ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਤੇ ਗਲਿਆਰੇ ਲਈ ਪਹਿਲਾਂ ਨਿਸ਼ਾਨਦੇਹੀ ਤੇ ਪੈਮਾਇਸ਼ ਆਦਿ ਮੁਕੰਮਲ ਕਰਨੀ ਚਾਹੀਦੀ ਸੀ ਨਾ ਕਿ ਇਸ ਤਰ੍ਹਾਂ ਤੱਤੇ ਘਾਹ ਚੱਲ ਕੇ ਸੇਵਾ ਭਾਵਨਾ ਨਹੀਂ ਰਹਿੰਦੀ। ਅਜਿਹੇ ਢਿੱਲੇ ਪ੍ਰਬੰਧਾਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਵੀ ਜਾਣਕਾਰੀ ਨਾ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ।

ਹਾਲਾਂਕਿ ਬਾਜਵਾ ਨੇ ਮੋਦੀ ਸਰਕਾਰ ਦੇ ਲਾਂਘੇ ਨੂੰ ਖੋਲ੍ਹਣ ਵਾਲੇ ਫੈਸਲੇ ਦਾ ਸਵਾਗਤ ਕੀਤਾ ਪਰ ਤਰੀਕੇ ਨਾਲ ਚੱਲਣ ਤੇ ਮੁਕੰਮਲ ਪ੍ਰਬੰਧਾਂ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਚੱਲਣ ਦੀ ਮਲਾਲ ਵੀ ਜਤਾਇਆ। ਮੰਤਰੀ ਨੇ ਦੱਸਿਆ ਕਿ ਸਟੇਜ ਤਾਂ ਲੱਗ ਗਈ ਹੈ, ਪਰ ਹਾਲੇ ਤਕ ਇਹ ਨਹੀਂ ਪਤਾ ਕਿ ਉੱਥੇ ਕੌਣ-ਕੌਣ ਬੈਠੇਗਾ ਤੇ ਸੰਬੋਧਨ ਕੌਣ-ਕੌਣ ਕਰੇਗਾ।

ਇਹ ਵੀ ਪੜ੍ਹੋ: ਕੈਪਟਨ ਨੇ ਕੀਤਾ ਪਾਕਿਸਤਾਨ ਜਾਣੋਂ ਇਨਕਾਰ, ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਲਈ ਭੇਜਿਆ ਸੀ ਸੱਦਾ

ਸਿਆਸਤਦਾਨ ਤਾਂ ਹਮੇਸ਼ਾ ਹੀ ਮਾਈਕ ਦੇ ਭੁੱਖੇ ਰਹਿੰਦੇ ਹਨ ਤੇ ਇੰਨੇ ਵੱਡੇ ਮੌਕੇ ਲੋਕਾਂ ਨੂੰ ਆਪਣੇ ਜਾਦੂਈ ਬੋਲਾਂ ਨਾਲ ਸੰਬੋਧਨ ਕਰਨ ਦਾ ਮੌਕਾ ਨਾ ਮਿਲਣ ਦਾ ਦੁੱਖ ਤਾਂ ਸਭ ਨੂੰ ਹੋਏਗਾ। ਬਾਕੀ ਉਪ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਇਹ ਹੋ ਵੀ ਨਹੀਂ ਸਕਦਾ ਕਿ ਸਮਾਗਮ ਨੂੰ ਆਪਣੀ ਮਰਜ਼ੀ ਮੁਤਾਬਕ ਖਿੱਚ ਲਓ। ਧਾਰਮਿਕ ਤੇ ਸਿਆਸੀ ਧਿਰਾਂ ਨੂੰ ਇੱਕੋ ਸਟੇਜ 'ਤੇ ਇਕੱਠੇ ਕਰਨਾ ਕਿਹੜਾ ਖਾਲਾ ਜੀ ਦਾ ਵਾੜਾ ਹੈ ਪਰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਕਾਰਜ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਕੇਂਦਰ ਤੇ ਸੂਬਾ ਸਰਕਾਰਾਂ ਤੜਿੰਗ ਹੋ ਗਈਆਂ ਜਾਪਦੀਆਂ ਹਨ।

ਸਬੰਧਤ ਖ਼ਬਰ: ਇਮਰਾਨ ਦੇ ਸੱਦੇ ’ਤੇ ਦੋ ਮੰਤਰੀ ਜਾਣਗੇ ਪਾਕਿ, ਸੁਸ਼ਮਾ ਸਵਰਾਜ ਵੱਲੋਂ ਨਾਂਹ

ਇਸ ਇਤਿਹਾਸਕ ਪਲ ਤੋਂ ਪਹਿਲਾਂ ਅਜੀਬੋ ਗ਼ਰੀਬ ਹਾਲਾਤ ਬਣ ਗਏ ਹਨ। ਰਾਤੋਰਾਤ ਲੋਕਾਂ ਦੀਆਂ ਅੱਖਾਂ ਦਾ ਤਾਰਾ ਬਣਨ ਦੀ ਦੌੜ ਵਿੱਚ ਸਿਆਸਤਦਾਨਾਂ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਤਾਂ ਪਹਿਲਾਂ ਹੀ ਅਣਗੌਲਿਆ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਇਤਿਹਾਸਕ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਲੈਕੇ ਅੰਜਾਮ ਤਕ ਕਿਸ ਤਰ੍ਹਾਂ ਲਿਜਾਇਆ ਜਾਂਦਾ ਹੈ।