ਅਲਵਰ: ਰਾਮ ਮੰਦਰ ਦੀ ਉਸਾਰੀ ਲਈ ਜਿੱਥੇ ਸ਼ਿਵ ਸੈਨਾ ਤੇ ਹੋਰ ਹਿੰਦੂ ਪੱਖੀ ਜਥੇਬੰਦੀਆਂ ਨੇ ਅਯੁੱਧਿਆ ਵਿੱਚ ਡੇਰੇ ਲਾ ਲਏ ਹਨ, ਉੱਥੇ ਹੁਣ ਪ੍ਰਧਾਨ ਮੰਤਰੀ ਵੀ ਇਸ ਮਾਮਲੇ 'ਤੇ ਵਿਰੋਧੀ ਧਿਰ ਨੂੰ ਘੇਰਨ ਲੱਗੇ ਹਨ। ਪੀਐਮ ਮੋਦੀ ਨੇ ਰਾਜਸਥਾਨ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ 'ਤੇ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲਾਏ।
ਇਹ ਵੀ ਪੜ੍ਹੋ: ਹੁਣ ਰਾਮ ਮੰਦਰ ਰਾਹੀਂ ਬਣੇਗੀ ਸਰਕਾਰ, ਸ਼ਿਵ ਸੈਨਾ ਦਾ ਮੋਦੀ ਨੂੰ ਚੈਲੰਜ
ਮੋਦੀ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਕੋਈ ਜੱਜ ਜਦੋਂ ਹੀ ਅਯੁੱਧਿਆ ਵਰਗੇ ਗੰਭੀਰ ਮਸਲੇ 'ਤੇ ਨਿਆਂ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਂਗਰਸ ਜੱਜਾਂ ਵਿਰੁੱਧ ਮਹਾਂਦੋਸ਼ ਲਿਆ ਕੇ ਉਨ੍ਹਾਂ ਨੂੰ ਡਰਾਉਂਦੀ ਤੇ ਧਮਕਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲਦੀ ਹੈ ਤਾਂ ਕਾਂਗਰਸ ਦੇ ਨੇਤਾ ਤੇ ਰਾਜ ਸਭਾ ਮੈਂਬਰ ਕਹਿੰਦੇ ਹਨ ਕਿ 2019 ਤਕ ਕੇਸ ਨਾਲ ਚਲਾਓ, ਕਿਉਂਕਿ ਉਦੋਂ ਚੋਣਾਂ ਹਨ। ਮੋਦੀ ਨੇ ਕਾਂਗਰਸ 'ਤੇ ਸਵਾਲ ਚੁੱਕਿਆ ਕਿ ਦੇਸ਼ ਦੀ ਨਿਆਂਪ੍ਰਣਾਲੀ ਨੂੰ ਇਸ ਤਰ੍ਹਾਂ ਸਿਆਸਤ ਵਿੱਚ ਘੜੀਸਣਾ ਕਿੰਨੀ ਕੁ ਜਾਇਜ਼ ਹੈ?
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਇਸ ਸਾਲ ਦੋ ਮਹਾਂਦੋਸ਼ ਮਤਿਆਂ ਦਾ ਸਾਥ ਦਿੱਤਾ ਸੀ, ਪਹਿਲਾ ਸਰਕਾਰ ਵਿਰੁੱਧ ਤੇ ਦੂਜਾ ਭਾਰਤ ਦੇ ਮੁੱਖ ਜੱਜ ਦੀਪਕ ਮਿਸ਼ਰਾ ਵਿਰੁੱਧ। ਦੋਵੇਂ ਹੀ ਮਤਿਆਂ ਨੂੰ ਬਹੁਮਤ ਨਹੀਂ ਸੀ ਮਿਲਿਆ ਤਾਂ ਖਾਰਜ ਹੋ ਗਏ ਸਨ।
ਸਬੰਧਤ ਖ਼ਬਰ: ਰਾਮ ਮੰਦਿਰ ਛੇਤੀ ਉਸਾਰਨ ਲਈ ਸ਼ਿਵ ਸੇਨਾ ਨੇ ਅਯੁੱਧਿਆ 'ਚ ਲਾਏ ਡੇਰੇ
ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਲਈ ਚੋਣ ਪ੍ਰਚਾਰ ਦੌਰਾਨ ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਕੋਲ ਕੋਈ ਚੋਣ ਮੁੱਦਾ ਨਹੀਂ ਹੈ ਇਸ ਲਈ ਉਹ ਕਦੇ ਉਨ੍ਹਾਂ ਦੀ ਮਾਂ ਨੂੰ ਗਾਲ਼ ਕੱਢਦੇ ਹਨ ਤੇ ਕਦੇ ਉਨ੍ਹਾਂ ਦੀ ਜਾਤ 'ਤੇ ਸਵਾਲ ਚੁੱਕਦੇ ਹਨ। ਪੀਐਮ ਨੇ ਕਿਹਾ ਕਿ ਪੂਰਾ ਦੇਸ਼ ਇਹ ਜਾਣ ਗਿਆ ਹੈ ਕਿ ਇਹ ਸਭ ਨਾਮਦਾਰ (ਰਾਹੁਲ ਗਾਂਧੀ) ਦੇ ਕਹਿਣ 'ਤੇ ਹੋ ਰਿਹਾ ਹੈ। ਉਨ੍ਹਾਂ ਕਾਂਗਰਸ 'ਤੇ ਜਾਤੀਵਾਦ ਤੇ ਨਫ਼ਰਤ ਫੈਲਾਉਣ ਦੇ ਦੋਸ਼ ਵੀ ਲਾਏ।