ਨਵੀਂ ਦਿੱਲੀ: ਅੱਜਕੱਲ੍ਹ ਕਰਤਾਰਪੁਰ ਲਾਂਘੇ 'ਤੇ ਖੂਬ ਸਿਆਸਤ ਹੋ ਰਹੀ ਹੈ। ਭਾਰਤ-ਪਾਕਿਸਤਾਨ ਦੇ ਨਾਲ-ਨਾਲ ਸਥਾਨਕ ਸਿਆਸੀ ਪਾਰਟੀਆਂ ਵੀ ਇਸ ਉੱਪਰ ਭਾਂਤ-ਭਾਂਤ ਦੇ ਬਿਆਨ ਦਾਗ ਰਹੀਆਂ ਹਨ। ਅਜਿਹੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘਾ ਵਿਕਸਤ ਕਰਨ ਤੇ ਉਸ ਦੀ ਉਸਾਰੀ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਰਕਾਰ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਦੀ ਰਾਹ ’ਚ ਕਈ ਅੜਿੱਕੇ ਹਨ। ਉਨ੍ਹਾਂ ਕਿਹਾ ਕਿ ਹਰ ਸ਼ੁਰੂਆਤ ਵਧੀਆ ਹੁੰਦੀ ਹੈ ਤੇ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਪਰ ਅੜਿੱਕਿਆਂ ਤੋਂ ਵੀ ਭਲੀ-ਭਾਂਤ ਜਾਣੂੰ ਰਹਿਣਾ ਚਾਹੀਦਾ ਹੈ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਸੌੜੇ ਹਿੱਤਾਂ ਖਾਤਰ ਧਰਮ, ਜਾਤ ਤੇ ਹੋਰ ਅਜਿਹੇ ਮੁੱਦਿਆਂ ਨੂੰ ਉਭਾਰਦੀਆਂ ਹਨ ਤਾਂ ਜੋ ਸੱਤਾ ’ਤੇ ਕਬਜ਼ਾ ਕੀਤਾ ਜਾ ਸਕੇ। ਇਸ ਨਾਲ ਨਫ਼ਰਤ ਤੇ ਵੰਡੀਆਂ ਪੈਣ ਵਾਲਾ ਮਾਹੌਲ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਕਈ ਚੁਣੌਤੀਆਂ ਖੜ੍ਹਾ ਕਰ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਦੇ ਟਾਕਰੇ ਲਈ ਸਮਾਜ ਨੂੰ ਇਕਜੁੱਟ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਮੁਲਕ ਦੇ ਅਦਾਰਿਆਂ ਵੱਲੋਂ ਸਹੀ ਢੰਗ ਨਾਲ ਕੰਮ ਕਰਨਾ ਜ਼ਰੂਰੀ ਹੈ ਤਾਂ ਜੋ ਸ਼ਾਂਤੀ ਤੇ ਸਦਭਾਵਨਾ ਬਣੀ ਰਹੇ। ਜੇਕਰ ਸਰਕਾਰ ਤੇ ਅਦਾਰਿਆਂ ’ਚ ਤਾਲਮੇਲ ਵਿਗੜਿਆ ਤਾਂ ਸਮਾਜ, ਅਰਥਚਾਰੇ ਤੇ ਸਿਆਸਤ ’ਚ ਅਰਾਜਕਤਾ ਫੈਲ ਜਾਵੇਗੀ।