ਚੰਡੀਗੜ੍ਹ: ਭਾਰਤ ਭਲਕੇ ਯਾਨੀ 26 ਨਵੰਬਰ ਨੂੰ ਸਵੇਰੇ 10 ਵਜੇ ਪਿੰਡ ਮਾਨ, ਡੇਰਾ ਬਾਬਾ ਨਾਨਾਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਜਾ ਰਿਹਾ ਹੈ। ਪਹਿਲਾਂ ਖ਼ਬਰਾਂ ਆਈਆਂ ਸਨ ਕਿ ਲਾਂਘੇ ਦਾ ਨੀਂਹ ਪੱਥਰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਰੱਖਿਆ ਜਾਏਗਾ ਪਰ ਕਿਸੇ ਕਾਰਨਾਂ ਕਰਕੇ ਉਹ ਨਹੀਂ ਪੁੱਜ ਸਕਣਗੇ। ਉਨ੍ਹਾਂ ਦੀ ਥਾਂ ’ਤੇ ਹੁਣ ਲਾਂਘੇ ਦਾ ਨੀਂਹ ਪੱਥਰ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਰੱਖਣਗੇ।
ਇਹ ਵੀ ਪੜ੍ਹੋ- ਕਰਤਾਰਪੁਰ ਸਾਹਿਬ ਲਾਂਘੇ ਲਈ ਸਿੱਧੂ ਤੋਂ ਬਾਅਦ ਕੈਪਟਨ ਤੇ ਸੁਸ਼ਮਾ ਸਵਰਾਜ ਨੂੰ ਵੀ ਇਮਰਾਨ ਦਾ ਬੁਲਾਵਾ
ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਨਿਰਮਾਣ ਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ, ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਡੇਰਾ ਬਾਬਾ ਨਾਨਾਕ-ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਹਰਸਿਮਰਤ ਕੌਰ ਬਾਦਲ ਵੀ ਮੌਕੇ ’ਤੇ ਹਾਜ਼ਰ ਰਹਿਣਗੇ।
ਇਹ ਵੀ ਪੜ੍ਹੋ- ਸਿੱਧੂ ਨੇ ਕਬੂਲਿਆ ਪਾਕਿਸਤਾਨ ਦਾ ਸੱਦਾ, ਕਰਤਾਰਪੁਰ ਲਾਂਘੇ 'ਤੇ ਮੁੜ ਪੈਣਗੀਆਂ ਜੱਫੀਆਂ
ਉੱਧਰ ਪਾਕਿਸਤਾਨ ਵਾਲੇ ਬੰਨਿਓਂ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਨੀਂਹ ਪੱਥਰ ਰੱਖਿਆ ਜਾਏਗਾ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੈਬਨਿਟ ਮੰਤਰੀ ਤੇ ਆਪਣੇ ਮਿੱਤਰ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਬਾਰੇ ਕੀ ਬੋਲੇ ਸੁਨੀਲ ਜਾਖੜ !
ਨਵਜੋਤ ਸਿੱਧੂ ਨੇ ਪੀਐਮ ਇਮਰਾਨ ਖ਼ਾਨ ਦਾ ਸੱਦਾ ਕਬੂਲ ਲਿਆ ਸੀ ਪਰ ਵਿਦੇਸ਼ ਮੰਤਰੀ ਨੇ ਆਪਣੀ ਥਾਂ ਹਰਸਿਮਰਤ ਕੌਰ ਬਾਦਲ ਨੂੰ ਪਾਕਿਸਤਾਨ ਭੇਜਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਕਿਸਤਾਨ ਜਾਣ ਸਬੰਧੀ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।